ਆਂਗਣਵਾੜੀ ਮੁਲਾਜ਼ਮਾਂ ਨੇ ਵਧਦੀ ਮਹਿੰਗਾਈ ਅਤੇ ਮਾਣ ਭੱਤਾ ਨਾ ਮਿਲਣ ਤੇ ਕੀਤਾ ਵਿਰੋਧ ਪ੍ਰਦਰਸ਼ਨ
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਵਰਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਵਿਖੇ ਮੈਡਮ ਕੁਸਮ ਸ਼ਰਮਾ ਸੀਡੀਪੀਓ ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ ਦਿੱਤਾ

ਡੇਰਾ ਬਾਬਾ ਨਾਨਕ 20 ਮਈ (ਰਮੇਸ਼ ਸ਼ਰਮਾ ) ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਵਰਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਵਿਖੇ ਮੈਡਮ ਕੁਸਮ ਸ਼ਰਮਾ ਸੀਡੀਪੀਓ ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਸੀਡੀਪੀਓ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰ ਹੈਲਪਰ ਜੋ ਬਹੁਤ ਹੀ ਨਿਗੂਣੇ ਜਿਹੇ ਮਾਣ ਭੱਤੇ ਵਿੱਚ ਕੰਮ ਕਰਦੀਆਂ ਹਨ ਅਤੇ ਬਹੁਤ ਸਾਰੇ ਵਰਕਰ ਹੈਲਪਰਾਂ ਦਾ ਗੁਜ਼ਾਰਾ ਇਸੇ ਮਾਣ ਭੱਤੇ ਉੱਤੇ ਨਿਰਭਰ ਹੈ । ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਮਾਣ ਭੱਤੇ ਕੰਮ ਕਰਨ ਲਈ ਮਜਬੂਰ ਹਨ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ , ਜਿਸ ਕਰਕੇ ਆਮ ਇਨਸਾਨ ਨੂੰ ਜੀਵਨ ਬਤੀਤ ਕਰਨਾ ਬਹੁਤ ਮੁਸ਼ਕਲ ਹੈ । ਸਿਲੰਡਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ , ਸੋ ਮਹਿੰਗਾਈ ਤੇ ਠੱਲ੍ਹ ਪਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਰੁਕੇ ਹੋਏ ਸੈਂਟਰਾਂ ਦੇ ਕਿਰਾਏ , ਟੀ ਏ , ਵਰਦੀ , ਫਲੈਕਸੀ ਫੰਡ , ਪ੍ਰਧਾਨ ਮੰਤਰੀ ਮਾਤਰ ਵੰਦਨਾ ਦੇ ਪੈਸੇ , ਪੋਸ਼ਣ ਅਭਿਆਨ ਦੇ ਬਕਾਏ ਦਾ ਭੁਗਤਾਨ ਜਲਦੀ ਤੋਂ ਜਲਦੀ ਕੀਤਾ ਜਾਵੇ , ਬਿਨਾਂ ਮੋਬਾਇਲ ਫੋਨ ਦਿੱਤੇ ਲਗਾਤਾਰ ਫੋਨ ਸਬੰਧੀ ਕੰਮ ਕਰਨ ਲਈ ਵਰਕਰਾਂ ਨੂੰ ਮਜਬੂਰ ਕਰਨਾ ਬੰਦ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਹਫ਼ਤੇ ਦੇ ਅੰਦਰ ਅੰਦਰ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੂਰਨਤਾ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਬਲਾਕ ਪ੍ਰਧਾਨ ਪਲਵਿੰਦਰ ਕੌਰ , ਆਂਗਨਵਾੜੀ ਵਰਕਰ ਹਰਜੋਤ ਕੌਰ ,ਪਰਮਜੀਤ ਕੌਰ ,ਜਸਪ੍ਰੀਤ ਕੌਰ ,ਦਵਿੰਦਰ ਕੌਰ ,ਵੀਰਪਾਲ ਕੌਰ ,ਅੰਮ੍ਰਿਤਪਾਲ ਕੌਰ , ਸਰਬਜੀਤ ਕੌਰ ,ਗੁਰਵਿੰਦਰ ਕੌਰ ,ਰੀਟਾ ਕੁਮਾਰੀ ,ਵਰਸ਼ਾ ਰਾਣੀ, ਰਾਜਵਿੰਦਰ ਕੌਰ ,ਅੰਜੂ ਬੇਦੀ ,ਰੀਟਾ ਕੁਮਾਰੀ ,ਪ੍ਰਿਤਪਾਲ ਕੌਰ ,ਪਰਮਜੀਤ ਕੌਰ ,ਪਰਮਜੀਤ ਕੌਰ, ਹੈਲਪਰ ਸੱਤੋ ,ਮਨਜੀਤ ਕੌਰ ,ਸਰਬਜੀਤ ਕੌਰ ,ਕੁਲਦੀਪ ਕੌਰ ,ਸ਼ਮ੍ਹਾਂ ,ਰੀਟਾ ਆਦਿ ਹਾਜ਼ਰ ਸਨ।