ਧਰਮਪੁਰਾ ਕਾਲੋਨੀ ਵਿੱਚ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੋ ਐਜੁਕੇਸ਼ਨ ਦਾ ਮਾਮਲਾ ਭਖਿਆ
ਲੋਕ ਇਨਸਾਫ ਪਾਰਟੀ

ਬਟਾਲਾ ਅਨੀਤਾ ਬੇਦੀ
ਬਟਾਲਾ ਵਿਖੇ ਸਥਿਤ ਧਰਮਪੁਰਾ ਕਾਲੋਨੀ ਵਿੱਚ ਲੜਕੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਜਿਸ ਵਿਚ ਗਰੀਬ, ਮੱਧ ਵਰਗ ਦੇ ਲੋਕ ਅਤੇ ਝੁੱਗਾ ਝੋਂਪੜੀ ਵਾਲਿਆਂ ਦੀਆਂ ਬੱਚੀਆਂ ਵਿਦਿਆ ਹਾਸਲ ਕਰ ਰਹੀਆਂ ਹਨ, ਪਰ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਉੱਥੇ ਲੜਕਿਆਂ ਦਾ ਦਾਖਲਾ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ, ਕਿਉਂਕਿ ਲੜਕੇ ਸਕੂਲ ਦੇ ਬਾਹਰ ਲੜਕੀਆਂ ਨਾਲ ਛੇੜਖਾਨੀ ਕਰਦੇ ਆਮ ਦੇਖੇ ਜਾ ਸਕਦੇ ਹਨ। ਜਿਸ ਕਰਕੇ ਪੰਜਾਬ ਪੁਲਿਸ ਦੇ ਜਵਾਨ ਛੁੱਟੀ ਵੇਲੇ ਤੈਨਾਤ ਕੀਤੇ ਜਾਂਦੇ ਰਹੇ ਹਨ। ਬਟਾਲੇ ਦੇ ਅੰਦਰ ਪ੍ਰਾਈਵੇਟ ਸਕੂਲ ਤੇ ਕਾਲਜ ਲੜਕੀਆਂ ਲਈ ਬਣਾਏ ਗਏ ਹਨ, ਪਰੰਤੂ ਸਕੂਲਾਂ ਕਾਲਜਾਂ ਵਿਚ ਫੀਸਾਂ ਜ਼ਿਆਦਾ ਹੋਣ ਕਰਕੇ ਦੱਬੇ ਕੁਚਲੇ ਲੋਕ ਨਹੀਂ ਪੜ੍ਹ ਪਾਉਂਦੇ, ਜਿਸ ਕਾਰਨ ਉਹ ਸਕੂਲ ਦਾ ਸਹਾਰਾ ਲੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਇਸ ਨਾਅਰੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਉਲਟ ਕੰਮ ਕਰਦੀ ਨਜਰ ਆ ਰਹੀ ਹੈ । ਓਧਰ ਲੋਕ ਇਨਸਾਫ ਪਾਰਟੀ ਦਾ ਕਹਿਣਾ ਹੈ ਕਿ ਅਗਰ ਸਕੂਲ ਵਿੱਚ ਲੜਕੇ-ਲੜਕੀਆਂ ਪੜ੍ਹਨਗੇ ਤਾਂ ਸਮਾਜ ਵਿੱਚ ਜ਼ਿਆਦਾ ਰੋਸ ਵਧੇਗਾ । ਇਸ ਫੈਸਲੇ ਨੂੰ ਸਰਕਾਰ ਵਾਪਸ ਨਹੀ ਲੈਂਦੀ ਤਾਂ ਬਹੁਤ ਸਾਰੀਆਂ ਬੇਟੀਆਂ ਸਿੱਖਿਆ ਤੋਂ ਵਾਂਝੀਆਂ ਰਹਿ ਜਾਣਗੀਆਂ। ਉਨ੍ਹਾਂ ਕਹਿਣਾ ਹੈ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮੂਹ ਜਥੇਬੰਦੀਆ ਦਾ ਸਾਥ ਲੈ ਕੇ ਡੱਟ ਕੇ ਵਿਰੋਧ ਕਰਨਗੇ । ਕਿਉਂਕਿ ਬਟਾਲੇ ਸ਼ਹਿਰ ਦਾ ਸਰਵੇਖਣ ਕੀਤਾ ਜਾਵੇ ਤਾਂ ਲੜਕੀਆਂ ਨੂੰ ਪੜਾਉਣ ਵਾਲੀਆਂ ਸੰਸਥਾਵਾਂ ਬਹੁਤ ਗਿਣਤੀ ਵਿੱਚ ਹਨ ਜਦ ਕਿ ਲੜਕਿਆਂ ਦੇ ਪੜ੍ਹਨ ਲਈ ਸਰਕਾਰੀ ਸਕੂਲ ਬਹੁ ਗਿਣਤੀ ਵਿੱਚ ਹਨ। ਇਸ ਦੇ ਬਾਵਜੂਦ ਅਗਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਲੋਕ ਇਨਸਾਫ ਪਾਰਟੀ ਅਤੇ ਸਮਾਜ ਸੇਵੀ ਜਥੇਬੰਦੀਆਂ ਮਜ਼ਬੂਰਨ ਸੜਕਾਂ ਉੱਪਰ ਆਕੇ ਲੜਕੀਆਂ ਨੂੰ ਇਨਸਾਫ਼ ਦਿਵਾਉਣ ਲਈ ਆਖਰੀ ਦਮ ਤੱਕ ਸੰਘਰਸ਼ ਕਰੇਗੀ।