ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ’ਚ
1947 ਵੰਡ ਦੌਰਾਨ ਵਿੱਛੜੇ ਮੁਸਲਿਮ ਭਰਾ ਤੇ ਸਿੱਖ ਭੈਣ ਦਾ ਹੋਇਆ ਮੇਲ

ਇਕ ਭਰਾ ਅਤੇ ਉਸ ਦੀ ਭੈਣ ਜੋ 75 ਸਾਲ ਪਹਿਲਾਂ ਵਿਛੜ ਗਏ ਸੀ, ਆਖਿਰ ਪ੍ਰਮਾਤਮਾ ਦੀ ਮਿਹਰ ਸਦਕਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ’ਚ ਫਿਰ ਇਕੱਠੇ ਹੋਏ ਤੇ ਡੇਰਾ ਬਾਬਾ ਨਾਨਕ ਕੋਰੀਡੋਰ ਦਾ ਲਾਂਘਾ ਇਸ ਦਾ ਵਸੀਲਾ ਬਣਿਆ। ਇਨ੍ਹਾਂ ਭਰਾ-ਭੈਣ ਦੀ ਮਿਲਣੀ ਨੂੰ ਦੇਖ ਲੋਕ ਭਾਵੁਕ ਹੋ ਗਏ। ਸੂਤਰਾਂ ਮੁਤਾਬਿਕ ਮਹਿੰਦਰ ਕੌਰ ਜੋ ਕਿ 81ਸਾਲ ਦੀ ਹੈ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਭਾਰਤ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਕੀਤੀ। ਤੇ ਓਧਰ 78 ਸਾਲਾਂ ਸੇਖ ਅਬਦੁੱਲਾ ਅਜੀਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਆਇਆ। ਡੇਰਾ ਬਾਬਾ ਨਾਨਕ - ਕਰਤਾਰਪੁਰ ਕੋਰੀਡੋਰ ਜਿਸ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ, ਨੇ ਲੰਮੇ ਸਮੇਂ ਬਾਅਦ ਵਿਛੜੇ ਹੋਏ ਭਰਾ-ਭੈਣ ਨੂੰ ਇਕੱਠਾ ਕੀਤਾ। ਦੋਵੇਂ ਮੂਲ ਰੂਪ ਵਿਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤ ਵਿਚ ਰਹਿੰਦੇ ਸੀ। ਭਾਵੁਕ ਹੋ ਕੇ ਦੋਵਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੀ ਮੌਤ ’ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਕ ਦੂਜੇ ਨੂੰ ਗਲੇ ਲਗਾ ਹੰਝੂਆਂ ਦਾ ਬਨ ਤੋੜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ’ਚ ਰਹਿਣ ਵਾਲੇ ਭਜਨ ਸਿੰਘ ਦਾ ਪਰਿਵਾਰ ਦੁਖਦ ਤੌਰ ’ਤੇ ਟੁੱਟ ਗਿਆ ਸੀ। ਵੰਡ ਤੋਂ ਬਾਅਦ ਅਜੀਜ ਆਜ਼ਾਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚੱਲੇ ਗਿਆ, ਜਦਕਿ ਉਸ ਦਾ ਪਰਿਵਾਰ ਅਤੇ ਹੋਰ ਮੈਂਬਰ ਭਾਰਤੀ ਪੰਜਾਬ ’ਚ ਹੀ ਰਹੇ। ਅਜੀਜ ਆਜ਼ਾਦ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਈ ਸਾਲ ਪਰਿਵਾਰ ਦੇ ਵਿਛੋੜੇ ਚ ਕਟੇ । ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਬਣਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਨੇ ਛੋਟੀ ਉਮਰ ਵਿਚ ਵਿਆਹ ਕਰਵਾ ਲਿਆ ਪਰ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਸਮੇਤ ਆਪਣੇ ਵਿਛੜੇ ਪਰਿਵਾਰ ਨੂੰ ਮਿਲਣ ਦੀ ਇੱਛਾ ਸਦਾ ਬਣੀ ਰਹੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸਲ ਮੀਡੀਆ ’ਤੇ ਇਕ ਪੋਸਟ ਮਿਲੀ, ਜਿਸ ਵਿਚ ਵੰਡ ਦੌਰਾਨ ਇਕ ਵਿਅਕਤੀ ਅਤੇ ਉਸ ਦੀ ਭੈਣ ਦੇ ਵਿਛੜਣ ਦਾ ਵੇਰਵਾ ਦਿੱਤਾ ਗਿਆ ਸੀ। ਦੋਵੇਂ ਪਰਿਵਾਰ ਇਸ ਪੋਸਟ ਰਾਹੀਂ ਇਕ ਦੂਜੇ ਨਾਲ ਜੁੜੇ ਅਤੇ ਪਤਾ ਲੱਗਾ ਕਿ ਮਹਿੰਦਰ ਕੌਰ ਅਤੇ ਅਜੀਜ ਆਜ਼ਾਦ ਅਸਲ ਵਿਚ ਦੋਵੇਂ ਭੈਣ-ਭਰਾ ਹਨ। ਖੁਸ਼ੀ ’ਚ ਦੋਵੇਂ ਕਈ ਵਾਰ ਇਕ ਦੂਜੇ ਦੇ ਗਲੇ ਮਿਲੇ ਅਤੇ ਦੋਵੇਂ ਇਕ ਦੂਜੇ ਦਾ ਹੱਥ ਚੁੰਮਦੇ ਦਿਖਾਈ ਦਿੱਤੇ। ਅਜੀਜ ਆਜ਼ਾਦ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵਸਿਆ ਹੋਣ ਕਾਰਨ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਸਾਰਾ ਪਰਿਵਾਰ ਹੁਣ ਮੁਸਲਿਮ ਹੈ। ਇਸ ਮੌਕੇ ਕਰਤਾਰਪੁਰ ਪ੍ਰਸ਼ਾਸ਼ਨ ਨੇ ਦੋਵਾਂ ਪਰਿਵਾਰਾਂ ਨੂੰ ਹਾਰ ਪਹਿਨਾਏ ਅਤੇ ਮਿਠਾਈਆਂ ਭੇਂਟ ਕੀਤੀਆਂ। ਦੋਵਾਂ ਪਰਿਵਾਰਾਂ ਨੇ ਇਕੱਠੇ ਬੈਠ ਕੇ ਲੰਗਰ ਛਕਿਆ ਅਤੇ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ। ਦੋਵਾਂ ਪਰਿਵਾਰਾਂ ਨੇ ਇਕ ਦੂਜੇ ਨੂੰ ਤੋਹਫੇ ਵੀ ਦਿੱਤੇ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।