ਬੇਖੌਫ ਬੱਸ ਚਾਲਕਾਂ ਤੇ ਸ਼ਿਕੰਜਾ ਕੱਸਣ ਦੀ ਲੋੜ: ਡਾ ਜਸਪਾਲ
ਟਰਾਂਸਪੋਰਟ ਮੰਤਰੀ ਨੂੰ ਕੀਤੀ ਅਪੀਲ ਰਾਹਗੀਰਾਂ ਨੂੰ ਇਨ੍ਹਾਂ ਤੇਜ ਰਫ਼ਤਾਰ ਬੱਸਾਂ ਦੇ ਖੌਫ ਤੋਂ ਦਵਾਈ ਜਾਵੇ ਰਾਹਤ
ਅੱਡਾ ਸਰਾਂ 7 ਅਗਸਤ (ਜਸਵੀਰ ਕਾਜਲ)- ਅਕਸਰ ਹੁਸ਼ਿਆਰਪੁਰ ਤੋਂ ਬਾਇਆ ਗੜ੍ਹਦੀਵਾਲਾ , ਦਸੂਹਾ ਤੇ ਪਠਾਨਕੋਟ ਜਾਣ ਵਾਲੀਆਂ ਬੱਸਾਂ ਦੀ ਸਪੀਡ ਇੰਨੀ ਹੁੰਦੀ ਹੈ ਜਿਵੇਂ ਸੜਕ ਇਕੱਲੇ ਬੱਸ ਚਾਲਕਾਂ ਲਈ ਹੀ ਬਣਾਈ ਗਈ ਹੋਵੇ। ਕਈ ਵਾਰ ਤੇਜ ਰਫਤਾਰ ਬੱਸ ਦੀ ਚਪੇਟ ਤੋਂ ਬਚਣ ਲਈ ਰਾਹਗੀਰਾਂ ਨੂੰ ਅਚਾਨਕ ਆਪਣਾ ਵਾਹਨ ਸੜਕ ਤੋਂ ਥੱਲੇ ਉਤਰਨਾ ਪੈ ਜਾਂਦਾ ਹੈ ਜਿਸ ਵਿਚ ਕੁਝ ਤੇ ਬਚਾਅ ਕਰਨ ਵਿਚ ਸਫਲ ਹੋ ਜਾਂਦੇ ਹਨ, ਪਰ ਬਹੁਤ ਸਾਰੇ ਹਾਦਸੇ ਵੀ ਵਾਪਰ ਜਾਂਦੇ ਹਨ। ਬੱਸ ਚਾਲਕ ਇੰਨੇ ਲਾਪਰਵਾਹ ਤੇ ਬੇਖੌਫ ਹੁੰਦੇ ਹਨ ਕਿ ਪਿੱਛੇ ਮੁੜ ਕੇ ਦੇਖਣਾ ਵੀ ਗਵਾਰਾ ਨਹੀਂ ਸਮਝਦੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਉੱਘੇ ਸਮਾਜ ਸੇਵਕ ਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਉੜਮੁੜ ਟਾਂਡਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਸ ਚਾਲਕਾਂ ਤੇ ਨਕੇਲ ਕੱਸਣ ਦੀ ਬਹੁਤ ਜ਼ਿਆਦਾ ਲੋੜ ਹੈ। ਇਨ੍ਹਾਂ ਦੀ ਹੱਦ ਤੋਂ ਵੱਧ ਸਪੀਡ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਨੂੰ ਜਲਦੀ ਹੀ ਠੋਸ ਨੀਤੀ ਬਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਜੇਕਰ ਕੋਈ ਵਾਹਨ ਰੋਡ ਤੇ ਤੇਜ ਰਫਤਾਰ ਚ ਦਿਖਾਈ ਦਿੰਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੀ ਪੰਜਾਬ ਪੱਛੜਿਆ ਸੂਬਾ ਹੈ ਜੋਂ ਪ੍ਰਤੀ ਦਿਨ ਹਾਦਸੇ ਹੋਣ ਦੇ ਬਾਵਜੂਦ ਵੀ ਇਨ੍ਹਾਂ ਬੱਸਾਂ ਦੀ ਸਪੀਡ ਨੂੰ ਕਾਬੂ ਨਹੀਂ ਕਰ ਪਾਇਆ। ਡਾ ਜਸਪਾਲ ਨੇ ਕਿਹਾ ਕਿ "ਤੇਜ ਰਫਤਾਰੀ ਮੌਤ ਦੀ ਤਿਆਰੀ" ਅਜਿਹੇ ਸਲੋਗਨ ਲਿਖਣ ਨਾਲ ਹੀ ਇਨ੍ਹਾਂ ਬੱਸਾਂ ਦੀ ਰਫਤਾਰ ਕਾਬੂ ਨਹੀਂ ਕੀਤੀ ਜਾ ਸਕਦੀ। ਇਸ ਲਈ ਅਜਿਹੇ ਬੇਖੌਫ ਬੱਸ ਚਾਲਕਾਂ ਤੇ ਸ਼ਿਕੰਜਾ ਕੱਸਣ ਦੀ ਲੋੜ ਹੈ ਜਿਹੜੇ ਰਾਹਗੀਰਾਂ ਤੇ ਬੱਸ ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਮੌਤ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੀ ਸਪੀਡ ਪ੍ਰਤੀ ਘੰਟਾ 40 ਕਿਲੋਮੀਟਰ ਤੋਂ ਘੱਟ ਕੀਤੀ ਜਾਵੇ। ਇਨ੍ਹਾਂ ਦੀ ਸਪੀਡ ਦੀ ਰੋਜ਼ਾਨਾ ਜਾਂਚ ਕੀਤੀ ਜਾਵੇ। ਪ੍ਰਾਈਵੇਟ ਬੱਸਾਂ ਦੇ ਮਾਲਕਾਂ ਵੱਲੋਂ ਦਿੱਤੀ ਖੁੱਲ੍ਹ ਕਰਕੇ ਬੇਖੌਫ ਡਰਾਈਵਰੀ ਕਰਨ ਵਾਲਿਆ ਨੂੰ ਬਣਦੀ ਸਜਾ ਦਿੱਤੀ ਜਾਵੇ ਅਤੇ ਉਮਰ ਭਰ ਲਈ ਇਨ੍ਹਾਂ ਦੇ ਲਾਈਸੈਂਸ ਜਪਤ ਕੀਤੇ ਜਾਣ। ਇਸ ਮੌਕੇ ਡਾ ਜਸਪਾਲ ਸਿੰਘ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅਪੀਲ ਕੀਤੀ ਕਿ ਆਮ ਜਨਤਾ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਸ ਨਾਲ ਰਾਹਗੀਰਾਂ ਨੂੰ ਇਨ੍ਹਾਂ ਤੇਜ ਰਫ਼ਤਾਰ ਬੱਸਾਂ ਦੇ ਖੌਫ ਤੋਂ ਰਾਹਤ ਮਿਲ ਸਕੇ।