ਜਨ ਧਨ ਖਾਤੇ ‘ਚ ਆਏ 15 ਲੱਖ - ਮੋਦੀ ਵਾਲੇ - ਬੈਂਕ ਵਾਪਸ ਮੰਗਦਾ
ਖਾਤੇ ‘ਚ ਆਏ 15 ਲੱਖ, ਕਿਸਾਨ ਨੇ ਮੋਦੀ ਵਾਲੇ ਸਮਝ ਕਢਵਾ ਲਏ ਪਰ ਹੁਣ ਬੈਂਕ ਪੈਸਾ ਵਾਪਸ ਮੰਗਦਾ

ਮਹਾਰਾਸ਼ਟਰ ਚ ਔਰੰਗਾਬਾਦ ਦੇ ਇੱਕ ਕਿਸਾਨ ਦੇ ਜਨ ਧਨ ਖਾਤੇ ਵਿੱਚ 15 ਲੱਖ ਰੁਪਏ ਆ ਗਏ ਸੀ। ਕਿਸਾਨ ਸਮਝਿਆ ਕਿ ਇਹ ਰਕਮ ਉਸ ਨੂੰ ਮੋਦੀ ਸਰਕਾਰ ਨੇ ਭੇਜੀ ਹੈ। ਇਸ ਦੇ ਲਈ ਕਿਸਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਧੰਨਵਾਦ ਕਰ ਦਿੱਤਾ ਤੇ 9 ਲੱਖ ਰੁਪਏ ਕਢਵਾ ਕੇ ਆਪਣੇ ਲਈ ਮਕਾਨ ਬਣਵਾ ਲਿਆ।
ਔਰੰਗਾਬਾਦ ਜ਼ਿਲੇ ਦੇ ਪੈਠਾਨ ਤਾਲੁਕਾ ਦੇ ਮੂਲ ਨਿਵਾਸੀ ਗਿਆਨੇਸ਼ਵਰ ਓਟੇ ਦੇ ਬੈਂਕ ਆਫ ਬੜੌਦਾ ਵਿੱਚ ਜਨ ਧਨ ਖਾਤੇ ਵਿੱਚ 17 ਅਗਸਤ 2021 ਨੂੰ 15 ਲੱਖ ਰੁਪਏ ਆਏ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਿਸਾਨ ਨੇ ਉਕਤ ਰੁਪਏ ‘ਚੋਂ 9 ਲੱਖ ਰੁਪਏ ਕਢਵਾ ਕੇ ਆਪਣੇ ਲਈ ਮਕਾਨ ਬਣਵਾ ਲਿਆ। ਉਸ ਨੇ ਸੋਚਿਆ ਕਿ ਇਹ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ, ਪਰ 6 ਮਹੀਨਿਆਂ ਬਾਅਦ ਬੈਂਕ ਤੋਂ ਨੋਟਿਸ ਆਇਆ, ਜਿਸ ਚ ਲਿਖਿਆ ਸੀ ਕਿ ਇਹ ਰਕਮ ਗਲਤ ਤਰੀਕੇ ਨਾਲ ਉਸ ਦੇ ਖਾਤੇ ਚ ਜਮ੍ਹਾ ਹੋ ਗਈ ਹੈ, ਇਸ ਲਈ ਹੁਣ ਉਸ ਨੂੰ ਇਹ ਸਾਰੀ ਰਕਮ ਵਾਪਸ ਕਰਨੀ ਪਵੇਗੀ। ਅਸਲ ਵਿੱਚ ਇਹ ਪੈਸਾ ਪਿੰਪਲਵਾੜੀ ਗ੍ਰਾਮ ਪੰਚਾਇਤ ਨੂੰ ਵਿਕਾਸ ਦੇ ਉਦੇਸ਼ਾਂ ਲਈ ਅਲਾਟ ਕੀਤਾ ਗਿਆ ਸੀ।
ਗਿਆਨੇਸ਼ਵਰ ਓਟੇ ਨੇ ਕਿਹਾ ਕਿ ਉਸਨੇ ਇਹ ਪੈਸਾ ( 9 ਲੱਖ ਰੁਪਏ ) ਸਿਰਫ ਇਸ ਲਈ ਖਰਚ ਕੀਤਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਉਸਦੇ ਖਾਤੇ ਵਿੱਚ ਭੇਜੇ ਗਏ ਸਨ। ਜਦੋਂ ਕਿ ਬਕਾਇਆ 6 ਲੱਖ ਰੁਪਏ ਬੈਂਕ ਨੂੰ ਵਾਪਸ ਕਰ ਦਿੱਤੇ ਗਏ ਹਨ, ਉਸਨੇ ਅਜੇ ਤੱਕ 9 ਲੱਖ ਰੁਪਏ ਦੀ ਅਦਾਇਗੀ ਨਹੀਂ ਕੀਤੀ ਹੈ ਜੋ, ਉਸਨੇ ਆਪਣਾ ਘਰ ਬਣਾਉਣ ‘ਤੇ ਖਰਚ ਕੀਤਾ ਸੀ। ਬੈਂਕ ਦੀ ਗਲਤੀ ਕਾਰਨ ਇਹ ਮਸਲਾ ਹਾਲੇ ਵੀ ਹੱਲ ਨਹੀਂ ਹੋ ਰਿਹਾ |