ਲਾਂਬੜਾ ਸਕੂਲ ਵਿਖੇ ਲੇਖਕ ਰੂ-ਬ- ਰੂ ਸਮਾਗਮ ਕਰਵਾਇਆ
ਲਾਂਬੜਾ ਸਕੂਲ ਵਿਖੇ ਲੇਖਕ ਰੂ-ਬ- ਰੂ ਸਮਾਗਮ ਕਰਵਾਇਆ
ਅੱਡਾ ਸਰਾਂ ਜਸਵੀਰ ਕਾਜਲ
ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਉਦੇਸ਼ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿੱਖੇ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਵਿਚ ਲੇਖਕ ਰੂ- ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬੀ ਮਾਂ ਬੋਲੀ ਦੇ ਉੱਭਰਦੇ ਲੇਖਕ ਸ. ਸੁਰਜੀਤ ਸਿੰਘ ਲਾਂਬੜਾ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੇ ਰੂ-ਬ- ਰੂ ਹੋਏ। ਲੇਖਕ ਸੁਰਜੀਤ ਸਿੰਘ ਲਾਂਬੜਾ ਪਿੰਡ ਦੇ ਹੀ ਵਸਨੀਕ ਹਨ ਅਤੇ ਇਸੇ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਹਨ। ਪੰਜਾਬੀ ਕਵਿਤਾ, ਕਹਾਣੀ ਅਤੇ ਗੀਤਕਾਰੀ ਵਿਚ ਆਪਣੀਆਂ ਨਵੀਆਂ ਪੈੜਾਂ ਉਲੀਕ ਰਹੇ ਸੁਰਜੀਤ ਲਾਂਬੜਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੰਜਾਬੀ ਮਾਂ ਬੋਲੀ ਵਿੱਚ ਲਿਖਣਾ, ਪੜ੍ਹਨਾ ਅਤੇ ਬੋਲਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਕੇ ਜਿੰਦਗੀ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਲਈ ਅਤੇ ਆਪਣੇ ਰੌਚਕ ਅਨੁਭਵਾਂ ਨੂੰ ਕਵਿਤਾ, ਕਹਾਣੀ ਜਾਂ ਗੀਤ ਰੂਪ ਵਿਚ ਲਿਖਣ ਲਈ ਵੀ ਪ੍ਰੇਰਿਤ ਕੀਤਾ। ਲੇਖ਼ਕ ਵਲੋਂ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ ਅਤੇ ਸਕੂਲ ਦੀ ਜ਼ਿਲ੍ਹਾ ਲੇਖ ਮੁਕਾਬਲਿਆਂ ਦੀ ਜੇਤੂ ਵਿਦਿਆਰਥਣ ਨਵਦੀਪ ਕੌਰ ਨੂੰ ਗਿਆਰਾਂ ਸੌ ਰੁਪਏ ਇਨਾਮ ਵਜੋਂ ਦਿੱਤੇ। ਸਕੂਲ ਪ੍ਰਿੰਸੀਪਲ ਡਾ.ਅਰਮਨਪ੍ਰੀਤ ਅਤੇ ਸਟਾਫ ਵਲੋਂ ਲੇਖਕ ਸੁਰਜੀਤ ਸਿੰਘ ਲਾਂਬੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਚਰਨ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਿਟਾ. ਡਰਾਇੰਗ ਮਾਸਟਰ ਸ਼੍ਰੀ ਹਰਕੀਰਤ ਸਿੰਘ, ਸਕੂਲ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।