ਯੂਕਰੇਨ 'ਚ ਫਸੇ ਬਰਨਾਲਾ ਦੇ ਚੰਦਲ ਜਿੰਦਲ ਦੀ ਹੋਈ ਮੌਤ

ਯੂਕਰੇਨ 'ਚ ਫਸੇ ਬਰਨਾਲਾ ਦੇ ਚੰਦਲ ਜਿੰਦਲ ਦੀ ਹੋਈ ਮੌਤ, 2018 'ਚ ਐਮਬੀਬੀਐੱਸ ਕਰਨ ਗਿਆ ਸੀ ਯੂਕਰੇਨ

ਯੂਕਰੇਨ 'ਚ ਫਸੇ ਬਰਨਾਲਾ ਦੇ ਚੰਦਲ ਜਿੰਦਲ ਦੀ ਹੋਈ ਮੌਤ

ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜ਼ਾ ਭਾਰਤੀਆਂ ਨੂੰ ਭੁਗਤਣਾ ਪੈ ਰਿਹਾ ਹੈ ਇਸ ਜੰਗ ਕਾਰਨ ਬਣੇ ਤਣਾਅ ਪੂਰਵਕ ਮਾਹੌਲ ਚ ਫਸੇ ਵਿਦਿਆਰਥੀਆਂ ਦੀ ਹਾਲਤ ਦਿਨ ਬੇ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਬਰਨਾਲਾ ਦੇ ਜਿੰਦਲ ਪਰਿਵਾਰ 'ਤੇ ਯੂਕਰੇਨ 'ਚ ਚੱਲ ਰਹੇ ਯੁੱਧ ਨੇ ਸੱਥਰ ਵਿਛਾ ਦਿੱਤਾ ਹੈ। ਫਾਰਮਾਸਿਸਟ ਸ਼ੀਸ਼ਨ ਜਿੰਦਲ ਦਾ ਪੁੱਤਰ ਚੰਦਲ ਜਿੰਦਲ 2018 'ਚ ਯੂਕਰੇਨ ਦੇ ਵਨੀਸ਼ੀਆ ਸ਼ਹਿਰ 'ਚ ਨੈਸ਼ਨਲ ਪਿਰੋਗਵ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ 'ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ, ਤੇ ਚੌਥੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ, ਕਿ ਅਚਾਨਕ 2 ਫਰਵਰੀ ਦੀ ਰਾਤ ਨੂੰ ਉਸ ਦੇ ਦਿਮਾਗ ਤੇ ਦਿਲ ਦਾ ਦੌਰਾ ਪੈ ਗਿਆ। ਉਸ ਦੀ ਹਾਲਤ ਜ਼ਿਆਦਾ ਗੰਭੀਰ ਦੇਖਦਿਆਂ ਡਾਕਟਰਾਂ ਨੇ 4 ਫਰਵਰੀ ਨੂੰ ਉਸ ਦਾ ਐਮਰਜੈਂਸੀ ਅਪਰੇਸ਼ਨ ਕਰ ਦਿੱਤਾ ਸੀ। ਆਪਣੇ ਬੇਟੇ ਦੀ ਦੇਖਭਾਲ ਕਰਨ ਦੇ ਲਈ ਉਸ ਦਾ ਪਿਤਾ ਸ਼ੀਸ਼ਨ ਕੁਮਾਰ ਤੇ ਤਾਇਆ ਕ੍ਰਿਸ਼ਨ ਕੁਮਾਰ ਵੀ ਯੂਕਰੇਨ ਚਲੇ ਗਏ ਸਨ ਕਿ ਅਚਾਨਕ ਹੀ ਉੱਥੇ ਯੁੱਧ ਸ਼ੁਰੂ ਹੋ ਗਿਆ ਤੇ ਉਸ ਦਾ ਪਰਿਵਾਰ ਤਿੰਨ ਹਫ਼ਤਿਆਂ ਤੋਂ ਯੁੱਧ ਵਿੱਚ ਹੀ ਫਸਿਆ ਹੋਇਆ ਸੀ।

2 ਮਾਰਚ ਨੂੰ ਚੰਦਨ ਜਿੰਦਲ ਦੀ ਯੂਕਰੇਨ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਚੰਦਨ ਦੇ ਤਾਏ ਦੇ ਲੜਕੇ ਭਾਜਪਾ ਨੇਤਾ ਨੀਰਜ ਜਿੰਦਲ ਨੇ ਦੱਸਿਆ ਕਿ ਉਹ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਸ਼ਹਿਰ ਦੀਆਂ ਸਾਰੀਆਂ ਰਾਜਨੀਤਕ ਸਮਾਜ ਸੇਵੀ ਲੋਕਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਸਰਕਾਰ ਤੋਂ ਜਲਦ ਤੋਂ ਜਲਦ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਦੀ ਅਪੀਲ ਕੀਤੀ ਹੈ।