ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਆਵਾਜ਼ ਬੁਲੰਦ ਕੀਤੀ
ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਆਵਾਜ਼ ਬੁਲੰਦ ਕੀਤੀ

ਅੱਡਾ ਸਰਾਂ 13ਨਵੰਬਰ (ਜਸਵੀਰ ਕਾਜਲ)
ਸਾਬਕਾ ਸੈਨਿਕਾਂ ਲਈ ਯਤਨਸ਼ੀਲ ਸੰਸਥਾ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ (ਰਜਿ.) ਖੁਣਖੁਣ ਕਲਾਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆl ਸੰਸਥਾ ਦੇ ਪ੍ਰਧਾਨ ਸੂਬੇਦਾਰ ਸਵਰਨ ਸਿੰਘ ਖੁਣਖੁਣ ਕਲਾਂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਇਕੱਤਰ ਹੋਏ ਸਾਬਕਾ ਫ਼ੌਜੀਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਵਨ ਰੈਂਕ ਵਨ ਪੈਨਸ਼ਨ ਸਕੀਮ ਨੂੰ ਲਾਗੂ ਨਾ ਕਰਨ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਅਤੇ ਇਸ ਸਕੀਮ ਨੂੰ ਲਾਗੂ ਕਰਨ ਲਈ ਆਪਣੀ ਆਵਾਜ਼ ਬੁਲੰਦ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਸੂਬੇਦਾਰ ਸਵਰਨ ਸਿੰਘ ਨੇ ਕਿਹਾ ਕਿ ਦੇਸ਼ ਦੀ ਖਾਤਰ ਆਪਣਾ ਸੁੱਖ ਨ੍ਹੀਂਦ ਤਿਆਗਣ ਵਾਲੇ ਸਾਬਕਾ ਸੈਨਿਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਵਨ ਰੈਂਕ ਵਨ ਪੈਨਸ਼ਨ ਦੀ ਸਕੀਮ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਲਾਗੂ ਨਹੀਂ ਕੀਤੀ ਜਿਸ ਕਾਰਨ ਸਾਬਕਾ ਸੈਨਿਕਾਂ ਵਿੱਚ ਭਾਰੀ ਰੋਸ ਹੈ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਸਕੀਮ ਨੂੰ ਤੁਰੰਤ ਲਾਗੂ ਕਰਕੇ ਸਾਬਕਾ ਸੈਨਿਕਾਂ ਨੂੰ ਇਸਦਾ ਲਾਭ ਦੇਵੇ। ਇਸ ਮੌਕੇ ਸੁਸਾਇਟੀ ਨੇ ਆਪਣੇ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਮੰਗ ਕੀਤੀ ਕਿ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੋਂ ਵਾਇਆ ਪਿੰਡ ਖੁਣਖੁਣ ਕਲਾਂ ਗੜਦੀਵਾਲ ਜਾਣ ਵਾਲੀ ਸਡ਼ਕ ਜੋ ਕਿ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਅਤੇ ਸੜਕ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਮਨਜ਼ੂਰ ਹੋ ਚੁੱਕੀ ਇਸ ਸੜਕ ਤੇ ਜਾਂ ਤਾਂ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ ਜਾਂ ਇਸ ਸੜਕ ਤੇ ਪੈਚ ਵਰਕ ਲਗਾ ਕੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਇਸ ਸੜਕ ਤੇ ਵੱਡੇ-ਵੱਡੇ ਟੋਏ ਹੋਣ ਕਾਰਨ ਭਿਆਨਕ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਹੈ ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।ਇਸ ਮੌਕੇ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਵਾਤਾਵਰਣ ਦੀ ਸੇਵਾ-ਸੰਭਾਲ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਨਾਇਕ ਸਵਰਨ ਸਿੰਘ, ਉਜਾਗਰ ਸਿੰਘ, ਸੂਬੇਦਾਰ ਕੁਲਵਿੰਦਰ ਸਿੰਘ, ਸੂਬੇਦਾਰ ਜਸਪਾਲ ਸਿੰਘ,ਸੂਬੇਦਾਰ ਸੁਖਬੀਰ ਸਿੰਘ, ਜੋਧ ਸਿੰਘ, ਹਰਵਿੰਦਰ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਸੂਬੇਦਾਰ ਹਰਭਜਨ ਸਿੰਘ, ਨਿਰਮਲ ਸਿੰਘ ਆਦਿ ਵੀ ਮੌਜੂਦ ਸਨ।