ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਟਾਲਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਅਮਨਸ਼ੇਰ ਸਿੰਘ ਸ਼ੈਰੀ ਨੇ ਖ਼ੂਨਦਾਨ ਕੀਤਾ
ਬਟਾਲਾ, ਅਗਸਤ 2023- ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਬਟਾਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਅਤੇ ਸਤਿਸੰਗ ਦਾ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਸ੍ਰੀ ਰਾਕੇਸ਼ ਸੇਠੀ ਜੀ, ਜ਼ੋਨਲ ਇੰਚਾਰਜ , ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜ਼ਿਕਰਯੋਗ ਹੈ ਕਿ ਸਥਾਨਕ ਵਿਧਾਇਕ ਸ੍ਰੀ ਅਮਨਸ਼ੇਰ ਸਿੰਘ ਜੀ ਸ਼ੈਰੀ ਨੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਕੇ ਸਮਾਜ ਲਈ ਭਰਭੂਰ ਸ਼ਲਾਘਾ ਕੀਤੀ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਦਾ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਖ਼ੂਨਦਾਨ ਕੈਂਪ, ਸਫ਼ਾਈ ਅਭਿਆਨ, ਰੁੱਖ ਲਗਾਓ ਮੁਹਿੰਮ ਵਨਨੈਸ ਵਣ ਸਮੇਤ ਅਨੇਕਾਂ ਸ਼ਲਾਘਾਯੋਗ ਉਪਰਾਲੇ ਨਿਰੰਕਾਰੀ ਮਿਸ਼ਨ ਵੱਲੋਂ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅੱਜ ਬਟਾਲਾ ਵਿਖੇ ਖ਼ੂਨਦਾਨ ਕੈਂਪ ਵਿਚ ਸ਼ਾਮਲ ਹੋ ਕੇ ਖ਼ੂਨਦਾਨ ਕਰਕੇ ਪ੍ਰਸੰਨਤਾ ਹੋ ਰਹੀ ਹੈ ਅਤੇ ਨਿਰੰਕਾਰੀ ਸ਼ਰਧਾਲੂਆਂ ਦਾ ਖ਼ੂਨਦਾਨ ਕਰਨ ਲਈ ਉਤਸ਼ਾਹ ਪ੍ਰੇਰਨਾਦਾਇਕ ਹੈ।
ਸ੍ਰੀ ਰਾਕੇਸ਼ ਸੇਠੀ, ਜ਼ੋਨਲ ਇੰਚਾਰਜ, ਸੰਤ ਨਿਰੰਕਾਰੀ ਮੰਡਲ, ਅੰਮ੍ਰਿਤਸਰ ਨੇ ਦੱਸਿਆ ਕਿ ਇਸੇ ਸਾਲ 24 ਅਪ੍ਰੈਲ ਨੂੰ ਖੂਨਦਾਨ ਦੇ ਇਸ ਮਹਾਂ ਅਭਿਆਨ ਦੀ ਸ਼ੁਰੂਆਤ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਹੈ ਕਿ ਖੂਨਦਾਨ ਇੱਕ ਸਮਾਜਿਕ ਕਾਰਕ ਨਹੀਂ ਬਲਕਿ ਮਨੁੱਖਤਾ ਦਾ ਇੱਕ ਦੈਵੀ ਗੁਣ ਹੈ ਜੋ ਯੋਗਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਖ਼ੂਨਦਾਨ ਨਿਰਸਵਾਰਥ ਸੇਵਾ ਦਾ ਅਜਿਹਾ ਸੁੰਦਰ ਉਪਦੇਸ਼ ਹੈ ਜਿਸ ਵਿੱਚ ਕੇਵਲ ਸਰਬੱਤ ਦੇ ਭਲੇ ਦੀ ਇੱਛਾ ਹੀ ਮਨ ਵਿੱਚ ਹੁੰਦੀ ਹੈ। ਫਿਰ ਦਿਲ ਵਿਚ ਇਹ ਭਾਵਨਾ ਪੈਦਾ ਨਹੀਂ ਹੁੰਦੀ ਕਿ ਸਿਰਫ਼ ਸਾਡੇ ਰਿਸ਼ਤੇਦਾਰ ਜਾਂ ਸਾਡਾ ਪਰਿਵਾਰ ਹੀ ਮਹੱਤਵਪੂਰਨ ਹੈ, ਸਗੋਂ ਸਾਰਾ ਸੰਸਾਰ ਸਾਡਾ ਪਰਿਵਾਰ ਬਣ ਜਾਂਦਾ ਹੈ। ਬਾਬਾ ਹਰਦੇਵ ਸਿੰਘ ਜੀ ਨੇ ਕਿਹਾ ਸੀ ਕਿ 'ਖੂਨ ਨਾੜੀਆਂ ਵਿਚ ਵਗੇ, ਨਾ ਕਿ ਨਾਲੀਆਂ ਵਿਚ।' ਖੂਨ ਦਿੰਦੇ ਸਮੇਂ ਅਸੀਂ ਇਹ ਨਹੀਂ ਸੋਚਦੇ ਕਿ ਸਾਡਾ ਖੂਨ ਕਿਸ ਦੇ ਸਰੀਰ ਵਿੱਚ ਜਾ ਰਿਹਾ ਹੈ। ਇਹ ਮਨੁੱਖੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਸਮਾਜਕ ਕਾਰਜ ਹੈ। ਨਿਰੰਕਾਰੀ ਮਿਸ਼ਨ ਵਿੱਚ ਸਾਲਭਰ ਵੱਖ-ਵੱਖ ਬ੍ਰਾਂਚਾਂ ਵਿੱਚ ਖ਼ੂਨਦਾਨ ਕੈਂਪਾਂ ਦਾ ਆਯੋਜਨ ਹੁੰਦਾ ਹੈ। ਐਸੇ ਸਮਾਜ ਸੇਵਾ ਦੇ ਕਾਰਜਾਂ ਲਈ ਨਿਰੰਕਾਰੀ ਮਿਸ਼ਨ ਸਦਾ ਤਤਪਰ ਰਹਿੰਦਾ ਹੈ ਅਤੇ ਇਹ ਸੇਵਾਵਾਂ ਅੱਗੇ ਵੀ ਨਿਰੰਤਰ ਜਾਰੀ ਰਹਿਣਗੀਆਂ। ਅੱਜ ਬਟਾਲਾ ਵਿਖੇ ਖ਼ੂਨਦਾਨ ਕੈਂਪ ਵਿੱਚ ਮਾਤਾ ਸੁਲੱਖਣੀ ਸਿਵਲ ਹਸਪਤਾਲ, ਬਟਾਲਾ ਦੀ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਪ੍ਰੀਆ ਗੀਤ ਕਲਸੀ ਦੀ ਅਗਵਾਈ ਹੇਠ 185 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਮੌਕੇ ਸ੍ਰੀ ਬਲਜੀਤ ਸਿੰਘ ਜੀ, ਸਥਾਨਕ ਸੰਯੋਜਕ, ਸ੍ਰੀ ਲਖਵਿੰਦਰ ਸਿੰਘ ਜੀ, ਸਥਾਨਕ ਮੁਖੀ ਅਤੇ ਸ੍ਰੀ ਹਰਭਜਨ ਲਾਲ ਜੀ, ਸਥਾਨਕ ਸੰਚਾਲਕ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ। ਨਿਰੰਕਾਰੀ ਸੇਵਾਦਲ ਨੇ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ।