ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਕੋਟਲੀ ਸੂਰਤ ਮੱਲ੍ਹੀ ‘ਚ ਰੱਖੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਕਿਸਾਨੀ ਮੁੱਦਿਆਂ, ਬੰਦੀ ਸਿੰਘਾਂ ਦੀ ਰਿਹਾਈ ਤੇ ਧਾਰਮਿਕ ਮਾਮਲਿਆਂ ‘ਚ ਸਰਕਾਰੀ ਦਖ਼ਲਅੰਦਾਜੀ ਵਿਰੁੱਧ ਭਾਜਪਾ ਨਾਲ ਅਕਾਲੀ ਦਲ ਨੇ ਗਠਜੋੜ ਨਹੀਂ ਕੀਤਾ- ਡਾ. ਚੀਮਾ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਵਿਚ ਰੱਖੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਨੇ ਹਮੇਸ਼ਾ ਆਪਣੇ ਸਿਧਾਂਤਾਂ ‘ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋਂ ਪਹਿਲਾਂ ਕੁਝ ਮੁੱਦੇ ਚੁੱਕੇ ਸਨ; ਜਿਨ੍ਹਾਂ ਵਿਚ ਕਿਸਾਨਾਂ ਲਈ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ, ਬੰਦੀ ਸਿੰਘਾਂ ਦੀ ਰਿਹਾਈ, ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਬੰਦ ਕਰਨ ਅਤੇ ਘੱਟ-ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਬੰਦ ਕਰਨ ਲਈ ਕੇਂਦਰ ਸਰਕਾਰ ਭਰੋਸਾ ਦੇਵੇ, ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਨ੍ਹਾਂ ਮਸਲਿਆਂ ਵੱਲ ਬਿਲਕੁਲ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ, ਜਿਸ ਕਰਕੇ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੰਬੇ ਅਰਸੇ ਬਾਅਦ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ, ਜਿਸ ਨੂੰ ਲੈ ਕੇ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਜਥੇਦਾਰ ਰਮਨਦੀਪ ਸਿੰਘ ਸੰਧੂ ਨੇ ਆਖਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਦੀ ਅਣਖ ਤੇ ਹੋਂਦ ਦੀ ਲੜਾਈ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਵੱਡੀ ਲੋੜ ਹੈ। ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਆਖਿਆ ਕਿ ਡਾ. ਚੀਮਾ ਨੂੰ ਜਿਤਾਉਣ ਲਈ ਅਕਾਲੀ ਦਲ ਦੇ ਵਰਕਰ ਦਿਨ-ਰਾਤ ਇਕ ਕਰ ਦੇਣਗੇ।
ਇਸ ਮੌਕੇ ਬਲਰਾਜ ਸਿੰਘ ਖਹਿਰਾ, ਸਤਬੀਰ ਸਿੰਘ ਬਿੱਟੂ, ਹਰਦਿਆਲ ਸਿੰਘ ਗਾਂਧੀ, ਕੁਲਜੀਤ ਸਿੰਘ ਮਝੈਲ, ਰਣਜੀਤ ਸਿੰਘ ਡੀਸੀ, ਸਤਨਾਮ ਸਿੰਘ ਡੀਸੀ, ਸੁਖਵਿੰਦਰ ਸਿੰਘ ਸੁੱਖਾ, ਜਤਿੰਦਰ ਸਿੰਘ ਭੁੱਲਰ, ਚੇਅਰਮੈਨ ਸੁੱਚਾ ਸਿੰਘ ਮੰਨਣ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ, ਰਜਿੰਦਰ ਸਿੰਘ ਬਾਜਵਾ, ਸਵਰਨ ਸਿੰਘ, ਜਸਬੀਰ ਸਿੰਘ ਘੁੰਮਣ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਜੱਟ ਬਸਤੀ, ਕੇ.ਪੀ. ਸ਼ਾਹਪੁਰ, ਮੱਖਣ ਸਿੰਘ ਬਸੰਤਕੋਟ, ਭਗਵੰਤ ਸਿੰਘ ਲੁਕਮਾਨੀਆ, ਹਰਭਜਨ ਸਿੰਘ, ਜਸਪਾਲ ਸਿੰਘ ਢੇਸੀਆਂ, ਸਰਪੰਚ ਜਤਿੰਦਰ ਸਿੰਘ, ਮਨਮੋਹਣ ਸਿੰਘ ਪੱਖੋਕੇ, ਹੈਪੀ ਸ਼ਾਹਪੁਰ ਅਤੇ ਸੁਖਵਿੰਦਰ ਸਿੰਘ ਕਿੱਲਾਂਵਾਲੀ ਆਦਿ ਵੀ ਹਾਜ਼ਰ ਸਨ।