ਅਕਾਲੀ ਵਰਕਰਾਂ ਦਾ ਮੁਕਾਬਲਾ ਹੋਰ ਕਿਸੇ ਵੀ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ- ਸੁਖਬੀਰ ਬਾਦਲ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਕਲਾਨੌਰ ਰੈਲੀ ਦੌਰਾਨ ਰਿਕਾਰਡਤੋੜ ਇਕੱਠ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਅੱਜ ਕਲਾਨੌਰ ਦੇ ਬਾਬਾ ਕਾਰ ਜੀ ਸਟੇਡੀਅਮ ਵਿਖੇ ਵਿਸ਼ਾਲ ਚੋਣ ਰੈਲੀ ਹੋਈ, ਜਿਸ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਕਾਲੀ ਵਰਕਰਾਂ ਦਾ ਮੁਕਾਬਲਾ ਹੋਰ ਕਿਸੇ ਵੀ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਅੱਜ ਦੂਜੀਆਂ ਪਾਰਟੀਆਂ ਦੇ ਵੱਡੇ-ਵੱਡੇ ਆਗੂ ਦੋ-ਦੋ ਗੰਨਮੈਨਾਂ ਲੈਣ ਲਈ ਪਾਰਟੀਆਂ ਛੱਡ ਰਹੇ ਹਨ ਪਰ ਦੂਜੇ ਪਾਸੇ ਅਕਾਲੀ ਵਰਕਰ ਵੀਹ-ਵੀਹ ਪਰਚੇ ਕਰਵਾ ਕੇ ਵੀ ਪਾਰਟੀ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਤੇ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਪੰਜਾਬ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਦੀ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੇ ਧਰਮਾਂ ਤੇ ਸਾਰੇ ਵਰਗਾਂ ਦੇ ਲੋਕ ਆਪਣਾ ਆਗੂ ਮੰਨਦੇ ਸਨ ਤਾਂ ਹੀ ਉਹ 22 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਾਂ ਲੈਣ ਲਈ ਲੋਕਾਂ ਨੂੰ ਡਰਾ ਰਿਹਾ ਹੈ ਕਿ ਜੇਕਰ ਉਹ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਇਕ ਧਰਮ ਦੇ ਲੋਕ ਦੂਜੇ ਧਰਮ ਦੀਆਂ ਔਰਤਾਂ ਦੇ ਮੰਗਲ ਸੂਤਰ ਤੱਕ ਲਾਹ ਲੈਣਗੇ। ਉਨ੍ਹਾਂ ਕਿਹਾ ਕਿ ਇਹ ਨਰਿੰਦਰ ਮੋਦੀ ਦੀ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਦੇਸ਼ ‘ਚ ਭਾਰਤੀ ਜਨਤਾ ਪਾਰਟੀ ਨੂੰ ਮਸਾਂ 200 ਸੀਟਾਂ ਵੀ ਨਹੀਂ ਮਿਲ ਰਹੀਆਂ।
ਸੁਖਬੀਰ ਬਾਦਲ ਨੇ ਅਕਾਲੀ ਸਰਕਾਰਾਂ ਦੌਰਾਨ ਕਰਵਾਏ ਲੋਕ-ਪੱਖੀ ਕਾਰਜਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਪੰਜਾਬ ਦੇ 15 ਲੱਖ ਟਿਊਬਵੈੱਲ ਕੁਨੈਕਸ਼ਨਾਂ ਵਿਚੋਂ ਸਾਢੇ ਤੇਰਾਂ ਲੱਖ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ, ਫਸਲ ਮੰਡੀਆਂ, ਨਹਿਰਾਂ-ਖਾਲਾਂ, ਆਟਾ-ਦਾਲ ਯੋਜਨਾ, ਸ਼ਗਨ, ਪੈਨਸ਼ਨ, ਨੌਜਵਾਨਾਂ ਲਈ ਜਿੰਮ, ਸੇਵਾ ਕੇਂਦਰ, ਵਿਦਿਆਰਥਣਾਂ ਲਈ ਸਾਈਕਲ ਅਤੇ ਗਰੀਬ ਦਲਿਤ ਵਿਦਿਆਰਥੀਆਂ ਲਈ ਸਕਾਲਰਸ਼ਿਪਾਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਦਿੱਤੀਆਂ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਸਹੂਲਤਾਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਮੁੜ ਇਹ ਸਭ ਸਹੂਲਤਾਂ ਜੇਕਰ ਮੁੜ ਬਹਾਲ ਕਰਵਾਉਣੀਆਂ ਹਨ ਤਾਂ ਅਕਾਲੀ ਦਲ ਦੀ ਮੁੜ ਸਰਕਾਰ ਬਣਾਈ ਜਾਵੇ। ਉਨ੍ਹਾਂ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣ ਦੀ ਅਪੀਲ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਉਹ ਜਿੱਤ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਬਠਿੰਡਾ ਵਾਂਗ ਏਮਜ਼ ਵਰਗਾ ਇਕ ਹਸਪਤਾਲ ਸਥਾਪਿਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਗੁਰਦਾਸਪੁਰ ਹਲਕੇ 'ਚ ਝੂਠੇ ਪਰਚਿਆਂ ਰਾਹੀਂ ਲੋਕਾਂ 'ਤੇ ਕੀਤੇ ਜ਼ੁਲਮਾਂ ਦਾ ਹਿਸਾਬ ਲਿਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਵਲੋਂ ਗ਼ਰੀਬਾਂ ਦੀਆਂ ਬੰਦ ਕੀਤੀਆਂ ਭਲਾਈ ਯੋਜਨਾਵਾਂ ਨੂੰ ਮੁੜ ਚਲਾ ਕਰਕੇ ਇਨ੍ਹਾਂ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਨਫ਼ਰਤ ਦੀ ਰਾਜਨੀਤੀ ਕਰਦੀਆਂ ਹਨ ਪਰ ਹੁਣ ਤਾਂ ਚੋਣ ਕਮਿਸ਼ਨ ਵਲੋਂ ਵੀ ਕੇਂਦਰੀ ਪਾਰਟੀਆਂ ਨੂੰ ਨਫ਼ਰਤ ਦੀ ਰਾਜਨੀਤੀ ਬੰਦ ਕਰਨ ਦੀ ਨਸੀਹਤ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ, ਜਥੇਦਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਜਥੇਦਾਰ ਅਮਰੀਕ ਸਿੰਘ ਖਲੀਲਪੁਰ ਅਤੇ ਜਸਬੀਰ ਸਿੰਘ ਘੁੰਮਣ ਆਦਿ ਨੇ ਵੀ ਸੰਬੋਧਨ ਕੀਤਾ।