ਕੰਮ ਦਿਹਾੜੀ ਸਮਾਂ ਵਧਾਉਣ ਲਈ ਜਾਰੀ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ
ਠੇਕਾ ਮੋਰਚੇ ਦੇ ਪਲੇਟਫਾਰਮ ’ਤੇ 3 ਅਕਤੂਬਰ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਵੱਧ ਚੱੜ ਕੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਆਗੂ ਉਂਕਾਰ ਸਿੰਘ

ਅੱਡਾ ਸਰਾਂ 26 ਸਤੰਬਰ ( ਜਸਵੀਰ ਕਾਜਲ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਫੈਸਲੇ ਤਹਿਤ ਅੱਜ ਇਥੇ ਮਿਨੀ ਸਕੱਤਰੇਤ ਹੁਸ਼ਿਆਰਪੁਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਸਬ.ਡਵੀਜਨ ਨੰ਼1 ਇੰਡਸਟਰੀ ਏਰੀਆ ਹੁਸ਼ਿਆਰਪੁਰ ਮੇਨ ਗੇਟ ਮੁਹਰੇ/ਬ੍ਰਾਂਚ.ਹੁਸ਼ਿਆਰਪੁਰ ਕਮੇਟੀ ਵੱਲੋਂ ਕੰਮ ਦਿਹਾੜੀ ਵਿਚ 12 ਘੰਟੇ ਦਾ ਸਮਾਂ ਕਰਨ ਲਈ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਦੇ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਕਿਰਤੀ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ਆਗੂਆਂ...ਸੂਬਾ ਆਗੂ ਉਕਾਰ ਸਿੰਘ ਢਾਂਡਾ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਬਲਵਿੰਦਰ ਸਿੰਘ ਸੰਧੂ. ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟ ਹਿੱਤਾਂ ਦੀ ਪੂਰਤੀ ਲਈ ਮੁਲਾਜ਼ਮਾਂ ਦੀਆਂ ਅਹਿਮ ਪ੍ਰਾਪਤੀਆਂ ਤੇ ਲਗਾਤਾਰ ਹਮਲੇ ਤੇ ਹਮਲਾ ਕਰਦੀ ਆ ਰਹੀ ਹੈ ਉੱਥੇ ਹੀ 20 ਸਤੰਬਰ 2023 ਨੂੰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 8 ਘੰਟੇ ਦੀ ਕੰਮ ਦਿਹਾੜੀ ਦਾ ਸਮਾਂ ਵਧਾ ਕੇ ਹੁਣ 12 ਘੰਟੇ ਕਰ ਦਿੱਤਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਹਮਲਾ ਕੋਈ ਸਾਧਾਰਨ ਹਮਲਾ ਨਹੀਂ ਹੈ ਬਲਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਵੱਲੋਂ ਲੰਬੇ ਸਿਰੜੀ ਅਤੇ ਜਾਨ ਹੂਲਵੇਂ ਘੋਲਾਂ ਰਾਹੀਂ ਬੰਧੂਆ ਮਜ਼ਦੂਰੀ ਤੋਂ ਮੁਕਤੀ ਪਾਉਣ ਲਈ ਜੱਦੋ-ਜਹਿਦ ਕਰਕੇ 8 ਘੰਟੇ ਸਮਾਂ ਬੱਧ ਕੰਮ ਦਿਹਾੜੀ ਦੀ ਪ੍ਰਾਪਤੀ ਕੀਤੀ ਸੀ ਪਰ ਹੁਣ ਅੱਜ ਕੇਂਦਰ ਅਤੇ ਸੂਬਾ ਸਰਕਾਰ ਕਾਰਪੋਰੇਟ ਹਿੱਤਾਂ ਦੀ ਪੂਰਤੀ ਲਈ ਇਸ ਕਿਰਤੀ ਲੋਕਾਂ ਦੀ ਪ੍ਰਾਪਤੀ ਨੂੰ ਖੋਹ ਕੇ ਮਜ਼ਦੂਰਾਂ-ਮੁਲਾਜ਼ਮਾਂ ਦੀ ਜ਼ਿੰਦਗੀ ਨੂੰ ਮੁੜ ਬੰਧੂਆ ਮਜ਼ਦੂਰੀ ਵਿੱਚ ਤਬਦੀਲ ਕਰਨ ਦੇ ਰਸਤੇ ਤੇ ਤੁਰ ਪਈ ਹੈ।
ਅੱਜ ਇਥੇ ਰੋਹ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਆਗੂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵੱਲੋੰ ਕੰਮ ਦਿਹਾੜੀ ਦੇ ਸਮੇਂ ਵਿੱਚ ਵਾਧਾ ਕਰਨ ਦੇ ਇਸ ਲੋਕਮਾਰੂ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਸੁਣਾਉਣੀ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮ ਆਪਣੇ ਮਹਾਨ ਸ਼ਹੀਦਾਂ ਦੀ ਇਸ ਪ੍ਰਾਪਤੀ ਨੂੰ ਕਿਸੇ ਵੀ ਕੀਮਤ ਤੇ ਖੁਸਣ ਨਹੀਂ ਦੇਣਗੇ ਅਤੇ ਪੰਜਾਬ ਸਰਕਾਰ ਦੇ ਇਸ ਲੋਕਮਾਰੂ ਫ਼ੈਸਲੇ ਦੇ ਵਿਰੋਧ ਵਿੱਚ ਸਮੂਹ ਵਿਭਾਗਾਂ ਦੇ ਹਰ ਕੈਟਾਗਿਰੀ ਅਧੀਨ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਨੂੰ ਸਬੰਧਤ ਵਿਭਾਗਾਂ ’ਚ ਮਰਜ ਕਰਕੇ ਪੱਕੇ ਰੁਜਗਾਰ ਦੀ ਮੰਗ ਲਈ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਸੰਗਰੂਰ ਵਿਖੇ ਮਿਤੀ 3 ਅਕਤੂਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿਚ ਵੱਧ ਚੱੜ ਕੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ।
ਅੱਜ ਇਥੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਆਗੂਆਂ ਨੇ ਪੰਜਾਬ ਭਰ ਦੇ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਟ ਠੇਕਾ ਮੁਲਾਜਮਾਂ ਨੂੰ ਜੋਰਦਾਰ ਅਪੀਲ ਵਿੱਚ ਕਿਹਾ ਕਿ ਉਹ 3 ਅਕਤੂਬਰ ਦੇ ਸੰਘਰਸ਼ ਸੱਦੇ ਦੀ ਸਫਲਤਾ ਲਈ ਲੱਕ ਬੰਨ੍ਹ ਕੇ ਜੁਟ ਜਾਣ ਤੇ ਪਰਿਵਾਰ ਸਮੇਤ ਵਹੀਰਾਂ ਘੱਤ ਕੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਪਹੁੰ ਚਕੇ ਪੰਜਾਬ ਸਰਕਾਰ ਦੇ ਝੂਠ ਅਤੇ ਧੋਖੇ ਦਾ ਭਾਂਡਾ ਚੋਰਾਹੇ ’ਚ ਭੰਨ ਕੇ ਪੰਜਾਬ ਦੇ ਲੋਕਾਂ ਨੂੰ ਸੱਚ ਤੋਂ ਜਾਣੂੰ ਕਰਵਾਉਣ।