ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ 8 ਤੱਕ ਰਿਮਾਂਡ 'ਤੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ 8 ਤੱਕ ਰਿਮਾਂਡ 'ਤੇ - ਜਲੰਧਰ ਸਥਿਤ ਏਜੰਸੀ ਦੇ ਦਫਤਰ 'ਚ ਕਈ ਘੰਟੇ ਪੁੱਛ-ਪੜਤਾਲ ਕੀਤੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਗਿ੍ਫਤਾਰ ਕਰ ਲਿਆ | ਇਹ ਗ੍ਰਿਫਤਾਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵਲੋਂ ਕੀਤੀ ਗਈ | ਹਨੀ ਨੂੰ ਵੀਰਵਾਰ ਦੇਰ ਰਾਤ ਪੀ ਐੱਮ ਐੱਲ ਏ ਦੀਆਂ ਧਾਰਾਵਾਂ ਤਹਿਤ ਗਿ੍ਫਤਾਰ ਕੀਤਾ ਗਿਆ | ਹਨੀ ਤੋਂ ਜਲੰਧਰ ਸਥਿਤ ਏਜੰਸੀ ਦੇ ਦਫਤਰ 'ਚ ਕਈ ਘੰਟੇ ਪੁੱਛ-ਪੜਤਾਲ ਕੀਤੀ ਗਈ | ਸੂਤਰਾਂ ਨੇ ਦਾਅਵਾ ਕੀਤਾ ਕਿ ਪੁੱਛ-ਪੜਤਾਲ ਦੌਰਾਨ ਹਨੀ ਜਵਾਬ ਦੇਣ ਤੋਂ ਟਾਲਮਟੋਲ ਕਰ ਰਿਹਾ ਸੀ ਅਤੇ ਇਸ ਲਈ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ | ਹਨੀ ਚੰਨੀ ਦੀ ਸਾਲੀ ਦਾ ਪੁੱਤ ਹੈ | ਜਲੰਧਰ ਦੀ ਅਦਾਲਤ ਨੇ ਸ਼ੁੱਕਰਵਾਰ ਹਨੀ ਨੂੰ 4 ਦਿਨਾਂ ਲਈ 8 ਫਰਵਰੀ ਤਕ ਰਿਮਾਂਡ 'ਤੇ ਈ ਡੀ ਹਵਾਲੇ ਕਰ ਦਿੱਤਾ |
ਸੂਤਰਾਂ ਅਨੁਸਾਰ ਈ ਡੀ ਨੇ ਹਨੀ ਕੋਲੋਂ ਪੁੱਛਿਆ, ਕੀ ਇਹ ਪੈਸੇ ਤੁਹਾਡੇ ਮਾਸੜ ਚੰਨੀ ਨੇ ਰਖਵਾਏ ਸੀ | ਕੀ ਇਹ ਪੈਸੇ ਬਦਲੀਆਂ ਕਰਨ ਲਈ ਲਏ ਗਏ ਸਨ? 18 ਜਨਵਰੀ ਨੂੰ ਈ ਡੀ ਨੇ ਗੈੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹਨੀ ਕੋਲੋਂ 8 ਕਰੋੜ ਰੁਪਏ ਤੇ ਉਸ ਦੇ ਸਾਥੀ ਸੰਦੀਪ ਕੋਲੋਂ 2 ਕਰੋੜ ਰੁਪਏ, ਸੋਨਾ ਤੇ ਮਹਿੰਗੀਆਂ ਘੜੀਆਂ ਬਰਾਮਦ ਕੀਤੀਆਂ ਸਨ |
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਦਾਅਵਾ ਕੀਤਾ ਕਿ ਇਹ ਕਦਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਚੋਰ ਦਰਵਾਜ਼ੇ' ਰਾਹੀਂ ਮਦਦ ਕਰਨ ਲਈ ਚੁੱਕਿਆ ਗਿਆ ਹੈ | ਹਨੀ ਦੀ ਗਿ੍ਫਤਾਰੀ ਨੂੰ ਲੈ ਕੇ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ 'ਤੇ ਹਮਲਾ ਕੀਤਾ ਹੈ |