ਗੁਰਦਾਸਪੁਰ ਪੁਲਿਸ ਨੇ ਹਥਿਆਰਾਂ ਤੇ ਨਸ਼ੇ ਸਮੇਤ ਦੋ ਮਹਿਲਾਵਾਂ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਗੁਰਦਾਸਪੁਰ ਪੁਲਿਸ ਨੇ ਹਥਿਆਰਾਂ ਸਮੇਤ ਦੋ ਮਹਿਲਾਵਾਂ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ | ਜੋ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ |
ਗੁਰਦਾਸਪੁਰ ਪੁਲੀਸ ਨੇ ਗਲਤ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਅਤੇ ਚਾਰ ਲੋਕਾਂ ਨੂੰ ਨਾਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ ਐਸ ਐਸ ਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਹਰੀ ਓਮ ਵਾਸੀ ਗੁਰਦਾਸਪੁਰ ਜਾਵੀਂ ਪਤਨੀ ਅਰੁਣ ਕੁਮਾਰ ਅਤੇ ਲਤਾ ਪਤਨੀ ਪੱਪੂ ਸ਼ਰਮਾ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਜੋ ਇਕ ਬਿਨਾਂ ਨੰਬਰੀ ਮੋਪਡ ਤੇ ਸਵਾਰ ਹਨ ਉਹਨਾਂ ਕੋਲ ਨਾਜਾਇਜ਼ ਅਸਲਾ ਤੇ ਨਸ਼ੀਲਾ ਪਦਾਰਥ ਹੈ | ਇਤਲਾਹ ਦੇ ਅਧਾਰ ਤੇ ਇੰਚਾਰਜ ਸੀਆਈਏ ਸਟਾਫ਼ ਸਮੇਤ ਸਾਥੀ ਕਰਮਚਾਰੀਆਂ ਨੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿਚੋਂ ਪੰਦਰਾਂ ਗ੍ਰਾਮ ਹੈਰੋਇਨ, ਸਤਾਰਾਂ ਹਜ਼ਾਰ ਰੁਪਏ ਡਰੱਗ ਮਨੀ, ਇਕ ਦੇਸੀ ਕੱਟਾ ਤਿੱਨ ਸੌ ਪੰਦਰਾਂ ਬੋਰ ਸਮੇਤ ਚਾਰ ਰੌਂਦ, ਇਕ ਰਿਵਾਲਵਰ , ਦੋ ਰੌਂਦ ਬਰਾਮਦ ਕੀਤੇ | ਇਹਨਾਂ ਤੋਂ ਪੁੱਛ ਗਿੱਛ ਕਰਨ ਤੋਂ ਬਾਦ ਪੰਕਜ ਦਤਾ ਉਰਫ ਸ਼ੀਲੂ ਵਾਸੀ ਨਜ਼ਦੀਕ ਗੀਤਾ ਭਵਨ ਮੰਦਿਰ ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਦੋ ਪਿਸਟਲ ਬੱਤੀ ਬੋਰ ਚਾਰ ਮੈਗਜ਼ੀਨ ਬੱਤੀ ਬੋਰ ਦੋ ਰੌਂਦ ਜਿੰਦਾ ਬੱਤੀ ਬੋਰ ਅਤੇ ਚਾਰ ਖੋਲ ਬੱਤੀ ਬੋਰ ਦੇ ਬਰਾਮਦ ਕੀਤੇ | ਉਹਨਾਂ ਦੱਸਿਆ ਕੇ ਉਹਨਾਂ ਦੇ ਸਬੰਧ ਸੋਨੂੰ ਪੁੱਤਰ ਰਾਜ ਕੁਮਾਰ ਚੌਧਰੀ ਵਾਸੀ ਪਟਨਾ ਬਿਹਾਰ ਹਾਲ ਵਾਸੀ ਮੁਹੱਲਾ ਇਸਲਾਮਾਬਾਦ ਨਾਲ ਹਨ ਜੋ ਇਸ ਸਮੇਂ ਪਠਾਨਕੋਟ ਵਿਖੇ ਜੁਰਮ ਚਾਰ ਸੌ ਵੀਹ ਦੇ ਮੁਕੱਦਮੇ ਵਿਚ ਜੇਲ੍ਹ ਵਿਚ ਬੰਦ ਹੈ | ਇਹ ਸਾਰੇ ਹਥਿਆਰ ਉਨ੍ਹਾਂ ਵੱਲੋਂ ਸੋਨੂੰ ਵਾਸੀ ਪਟਨਾ ਬਿਹਾਰ ਦੇ ਨਾਲ ਜਾ ਕੇ ਲਿਆਂਦੇ ਸਨ | ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ |