ਚੋਗਾਵਾਂ ਸਾਧਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਅਤੇ ਬੀਰ ਰਸ ਦਾ ਪ੍ਰਤੀਕ ਨਾਮਧਾਰੀ ਹੋਲਾ ਮਹੱਲਾ - ਸਤਿਗੁਰੂ ਦਲੀਪ ਸਿੰਘ
ਚੋਗਾਵਾਂ ਸਾਧਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਅਤੇ ਬੀਰ ਰਸ ਦਾ ਪ੍ਰਤੀਕ ਨਾਮਧਾਰੀ ਹੋਲਾ ਮਹੱਲਾ - ਸਤਿਗੁਰੂ ਦਲੀਪ ਸਿੰਘ
ਖਾਲਸਾਈ ਸ਼ਾਨੋ ਸ਼ੌਕਤ ਅਤੇ ਬੀਰ ਰਸ ਦਾ ਪ੍ਰਤੀਕ ਨਾਮਧਾਰੀ ਹੋਲਾ ਮਹੱਲਾ
*ਸਤਿਗੁਰੂ ਰਾਮ ਸਿੰਘ ਜੀ ਨੇ ਨਾਮਧਾਰੀਆਂ ਨੂੰ ਦਸਵੇਂ ਪਾਤਸ਼ਾਹ ਜੀ ਦੀ ਮਰਿਆਦਾ ਦੇ ਕੇ ਅੰਮ੍ਰਿਤਧਾਰੀ ਖਾਲਸੇ ਬਣਾਇਆ: ਸਤਿਗੁਰੂ ਦਲੀਪ ਸਿੰਘ
ਚੋਗਾਵਾਂ ਸਾਧਪੁਰ ( ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਨਾਮਧਾਰੀ ਸੰਗਤ ਵਲੋਂ ਇਸ ਸਾਲ ਵੀ ਹੋਲਾ ਮਹੱਲਾ ਤ੍ਰਿਵੇਣੀ ਸੰਗਮ ਦੇ ਰੂਪ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਵਿਚ ਆਰੰਭ ਕੀਤੀ ਗਈ ਹੋਲੇ-ਮਹੱਲੇ ਦੀ ਪ੍ਰੰਪਰਾ, ਜੋ ਕਿ ਖਾਲਸਾਈ ਸ਼ਾਨੋ-ਸੌਕਤ ਅਤੇ ਬੀਰ-ਰੱਸ ਦਾ ਪ੍ਰਤੀਕ ਹੈ। ਇਹ ਸਮਾਗਮ ਸਾਨੂੰ ਉੱਚੇ ਸੁੱਚੇ ਮਨੁੱਖੀ ਆਦਰਸ਼ਾਂ ਦੇ ਨਾਲ ਜਬਰ, ਜੁਲਮ, ਕਾਇਰਤਾ ਵਿਰੁੱਧ ਜੂਝਣ ਲਈ ਨਵਾਂ ਜੋਸ਼ ਪ੍ਰਦਾਨ ਕਰਦਾ ਹੈ।ਜਿਕਰਯੋਗ ਹੈ ਕਿ ਅੰਗਰੇਜਾਂ ਦੇ ਸਮੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਮਰਿਆਦਾ ਨੂੰ ਨਵੇਂ ਸਿਰੇ ਤੋਂ ਪ੍ਰਚਲਿਤ ਕੀਤਾ ਅਤੇ ਹੋਲੇ ਮਹੱਲੇ ਦਾ ਪੁਰਬ ਮਨਾਉਣ ਦੀ ਪ੍ਰਥਾ ਨੂੰ ਮੁੜ ਤੋਰਿਆ। ਆਪ ਜੀ ਨੇ ਤਿਉਹਾਰ ਨੂੰ ਭਜਨ ਬੰਦਗੀ, ਕਥਾ-ਕੀਰਤਨ ਅਤੇ ਦੇਸ਼ ਦੀ ਅਜਾਦੀ ਲਈ ਉਲੀਕੇ ਪ੍ਰੋਗਰਾਮ ਨੂੰ ਪ੍ਰਚਾਰਨ-ਪ੍ਰਸਾਰਣ ਦਾ ਸਾਧਨ ਬਣਾਇਆ।
ਇਸ ਸਮਾਗਮ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਫੁਰਮਾਇਆ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਧਰਮ ਦੀ ਸੁਰੱਖਿਆ ਵਾਸਤੇ ਹੋਲੀ ਤੋਂ ਹੋਲਾ ਮਹੱਲਾ ਸ਼ੁਰੂ ਕੀਤਾ ਅਤੇ ਇਸਨੂੰ ਪੁਰਸ਼ਤਵ ਅਤੇ ਸ਼ਕਤੀ ਦਾ ਸੂਚਕ ਬਣਾਇਆ। ਜੇਕਰ ਸਤਿਗੁਰੂ ਜੀ ਕਿਰਪਾ ਨਾ ਕਰਦੇ, ਸਾਨੂੰ ਅੰਮ੍ਰਿਤਧਾਰੀ ਖਾਲਸੇ, ਸੂਰਬੀਰ ਯੋਧੇ ਨਾ ਬਣਾਉਂਦੇ ਅਤੇ ਸਾਡੇ ਅੰਦਰ ਆਤਮ ਸਨਮਾਨ ਨਾ ਲਿਆਉਂਦੇ ਤਾਂ ਸਾਡੇ ਸਾਰਿਆਂ ਦੀ ਸੁੰਨਤ ਹੀ ਹੋਣੀ ਸੀ। ਉਹਨਾਂ ਇਹ ਵੀ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਾਨੂੰ ਦਸਵੇਂ ਪਾਤਸ਼ਾਹ ਜੀ ਦੀ ਮਰਿਆਦਾ ਦੇ ਕੇ ਅੰਮ੍ਰਿਤਧਾਰੀ ਖਾਲਸੇ ਬਣਾਇਆ, ਇਸ ਲਈ ਅਸੀਂ ਨਾਮਧਾਰੀ ਕੇਵਲ ਸ਼ਾਂਤੀ ਦੇ ਪੁਜਾਰੀ ਨਹੀਂ, ਲੋੜ ਅਨੁਸਾਰ 'ਧਰਮ ਯੁੱਧ'ਵੀ ਕਰ ਸਕਦੇ ਹਾਂ। ਇਸ ਲਈ ਸਾਨੂੰ ਸਵੈ ਰੱਖਿਆ ਦੇ ਨਾਲ ਦੇਸ਼ ਅਤੇ ਧਰਮ ਦੀ ਰੱਖਿਆ ਲਈ ਤਤਪਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਦਾਤੇ ਸਨ ਇਸ ਲਈ ਸਾਨੂੰ ਉਹਨਾਂ ਦੀ ਵੀਰ ਰਸ ਭਰਪੂਰ ਬਾਣੀ ਸੁਣਾ ਕੇ ਅਜਿਹੀ ਮਨੋਹਰ ਕਵਿਤਾ ਪੜ੍ਹਨ ਲਈ ਪ੍ਰੇਰਿਤ ਕੀਤਾ। ਇਹਨਾਂ ਸਮਾਗਮਾਂ ਵਿਚ ਸੇਵਾ-ਸਿਮਰਨ, ਕਥਾ-ਕੀਰਤਨ, ਕਵੀ ਦਰਬਾਰ, ਗਤਕਾ ਪ੍ਰਦਰਸ਼ਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਲਗਾਤਾਰ ਤਿੰਨ ਦਿਨ ਤੱਕ ਚਲਦਾ ਰਹਿੰਦਾ ਹੈ। ਇੱਥੋਂ ਦੇ ਲੰਗਰ ਦੀ ਵਿਲੱਖਣਤਾ ਇਹ ਹੈ ਕਿ ਇਹ ਸਾਦਾ, ਸਵਾਦ ਅਤੇ ਪੋਸ਼ਟਿਕਤਾ ਭਰਪੂਰ ਹੁੰਦਾ ਹੈ।
ਇਸ ਸਮਾਗਮ ਵਿਚ ਕੁਝ ਖਾਸ ਅਤੇ ਨਵੇਕਲਾ ਰੂਪ ਵੇਖਣ ਨੂੰ ਮਿਲਿਆ, ਇੱਥੇ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਸਾਹਿਬ ਸਿੰਘ ਨਾਮਧਾਰੀ ਜੀ ਦੇ ਉੱਦਮ ਨਾਲ ਧਰਮ ਵਾਪਸੀ ਕਰਕੇ ਆਏ ਤਕਰੀਬਨ 100 ਪਰਿਵਾਰ ਨਤਮਸਤਕ ਹੋਏ।
ਸਮਾਗਮ ਵਿੱਚ ਨੂਰਮਹਿਲ ਤੋਂ ਦਿਵਯ ਜਯੋਤੀ ਜਾਗਰਣ ਤੋਂ ਸਵਾਮੀ ਵਿਸ਼ਨੁਦੇਵਾ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਸਮਾਗਮ ਵਿਚ ਚਾਰ ਚੰਨ ਲਾਏ। ਇਸ ਤੋਂ ਇਲਾਵਾ ਗਿਆਨੀ ਕਰਤਾਰ ਸਿੰਘ ਜੀ ਦਿੱਲੀ ਵਾਲੇ, ਅੰਬੈਸਡਰ ਅਤੇ ਪੇਜ਼ 3 ਵਰਲਡ ਵਾਈਡ ਅਖ਼ਬਾਰ ਦੇ ਸੰਪਾਦਕ ਡਾਕਟਰ ਪਰਮਿੰਦਰ ਸਿੰਘ, ਰਾਸ਼ਟਰੀ ਜਨ ਜਨ ਪਾਰਟੀ ਦੇ ਡਾਕਟਰ ਰਾਜੀਵ ਕੌਰ, ਸਾਬਕਾ ਮੰਤਰੀ ਵਿਜੈ ਸਾਂਪਲਾ ਜੀ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸਤਿਗੁਰੂ ਦਲੀਪ ਸਿੰਘ ਜੀ ਦੇ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਹਿੱਸਾ ਪਾਇਆ।
ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਇਸਤਰੀਆਂ ਨੂੰ ਸਨਮਾਨ ਦੇਣ ਲਈ ਅੰਮ੍ਰਿਤਧਾਰੀ ਲੜਕੀਆਂ ਕੋਲੋਂ ਗੁਰਬਾਣੀ ਦੇ ਪਾਠਾਂ ਦੇ ਭੋਗ ਅਤੇ ਅਨੰਦ ਕਾਰਜ ਆਦਿ ਦੀਆਂ ਰਸਮਾਂ ਕਰਵਾਈਆਂ। ਦੂਰੋਂ-ਨੇੜਿਉਂ ਹਜਾਰਾਂ ਦੀ ਸੰਗਤ ਨੇ ਪੁੱਜ ਕੇ ਸ਼ਮੂਲੀਅਤ ਕੀਤੀ।
ਇਸ ਮੌਕੇ ਬਹੁਤ ਸਾਰੀਆਂ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਮਾਸਟਰ ਇਕਬਾਲ ਸਿੰਘ, ਸਰਪੰਚ ਗੁਰਬਖਸ਼ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਪਲਵਿੰਦਰ ਸਿੰਘ ਜੀ, ਸੰਤ ਲਖਵਿੰਦਰ ਸਿੰਘ ਕਿੜੀ ਅਫਗਾਨਾ, ਸਤਨਾਮ ਸਿੰਘ, ਅਮਰੀਕ ਸਿੰਘ ਚੁਗਾਵਾਂ, ਸੂਬਾ ਅਮਰੀਕ ਸਿੰਘ , ਸੂਬਾ ਰਤਨ ਸਿੰਘ , ਸੂਬਾ ਭਗਤ ਸਿੰਘ ਯੂ.ਪੀ, ਸ਼ੇਰ ਸਿੰਘ ਬਰੀਲਾ, ਜਾਗੀਰ ਸਿੰਘ, ਬੀਬੀ ਸੰਦੀਪ ਕੌਰ, ਬੀਬੀ ਸਤਿੰਦਰ ਕੌਰ, ਜਸਵੀਰ ਕੌਰ, ਦਲਜੀਤ ਕੌਰ, ਭੁਪਿੰਦਰ ਕੌਰ ਆਦਿ ਅਤੇ ਪਤਵੰਤੇ ਸੱਜਣ ਅਤੇ ਵਿਸ਼ਾਲ ਸੰਗਤ ਹਾਜਿਰ ਸੀ।

Gurpreet Sandhu Amritsar ਗੁਰਪ੍ਰੀਤ ਸੰਧੂ ਅੰਮ੍ਰਿਤਸਰ 







