ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ਚ ਹੋਇਆ ਘਪਲਾ ਪਹੁੰਚਿਆ 1 ਕਰੋੜ ਤੱਕ
18 ਦੇ ਕਰੀਬ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ

ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ‘ਚ ਬੱਚਿਆ-ਖੁੱਚਿਆ ਖਾਣਾ ਅਤੇ ਚੌਲਾਂ ਦੇ ਸਮਾਨ ‘ਚ ਹੋਏ ਤਕਰੀਬਨ ਇੱਕ ਕਰੋੜ ਦੇ ਘੁਟਾਲੇ ਦੇ ਮਾਮਲੇ ਚ ਐਸਜੀਪੀਸੀ ਨੇ ਦੋ ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ। 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਦੋਸ਼ੀ ਪਾਏ ਗਏ ਦੋ ਸੇਵਾਦਾਰਾਂ ਨੂੰ ਮੁਅੱਤਲ ਕਰਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਹ ਦੋਵੇਂ ਸਵਾਦਰ ਸਟੋਰ ਕੀਪਰ ਹਨ ਤੇ ਜੇਕਰ ਦੋਵੇਂ ਸਟੋਰਕੀਪਰ ਪੈਸੇ ਜਮ੍ਹਾ ਕਰਵਾਉਣ ਚ ਅਸਫਲ ਰਹਿੰਦੇ ਹਨ ਤਾਂ ਜਿਨ੍ਹਾਂ ਪ੍ਰਬੰਧਕਾਂ ਦੇ ਦਸਤਖਤ ਪੱਕੇ ਵਾਊਚਰਾਂ ‘ਤੇ ਹਨ, ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣੇ ਪੈਣਗੇ। ਜਾਂਚ ਵਿੱਚ ਇਸ ਨੁਕਸਾਨ ਲਈ ਲੱਗਪਗ 18 ਦੇ ਕਰੀਬ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਪ੍ਰੈਲ, 2019 ਤੋਂ ਦਸੰਬਰ 2022 ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੀ ਸੱਚਾਈ ਪਾਰਦਰਸ਼ੀ ਢੰਗ ਨਾਲ ਸੰਗਤਾਂ ਦੇ ਸਾਹਮਣੇ ਰੱਖੀ ਜਾਵੇਗੀ। ਬੇਨਿਯਮੀਆਂ ਦੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਜਦੋਂ ਜਾਂਚ ਸ਼ੁਰੂ ਹੋਈ ਤਾਂ ਇਹ ਘਪਲਾ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆਤੇ ਹੁਣ ਇਹ ਘਪਲਾ 1 ਕਰੋੜ ਦੇ ਕਰੀਬ ਪਹੁੰਚ ਗਿਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਨਿਲਾਮੀ ਤੋਂ ਬਾਅਦ ਜੋ ਪੈਸੇ ਜਮ੍ਹਾ ਕਰਵਾਏ ਜਾਣੇ ਸਨ, ਉਹ ਜਮ੍ਹਾ ਨਹੀਂ ਕਰਵਾਏ ਗਏ। ਮਾਮਲੇ ਨੂੰ ਉਜਾਗਰ ਕਰਨ ਵਾਲੀਆਂ ਟੀਮਾਂ ਬਾਰੀਕੀ ਨਾਲ ਜਾਂਚ ਵਿੱਚ ਜੁਟੀਆਂ ਹੋਈਆਂ ਹਨ।