ਪਤੀ ਵਲੋਂ ਦੇਹ ਵਪਾਰ ਦਾ ਵਿਰੋਧ ਕਰਨ ‘ਤੇ ਪਤਨੀ ਨੇ ਹੀ ਕਰਵਾਇਆ ਸੀ ਪਤੀ ਦਾ ਕਤਲ
ਥਾਣਾ ਸਿਟੀ ਮਲੋਟ ਨੇ ਇਕ ਕਤਲ ਦਾ ਕੇਸ ਹੱਲ ਕਰਨ ਦਾ ਦਾਅਵਾ ਕੀਤਾ
ਥਾਣਾ ਸਿਟੀ ਮਲੋਟ ਨੇ ਇਕ ਕਤਲ ਦਾ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਕੇਸ ਚ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਅਤੇ ਪਤੀ ਦੀ ਮੌਤ ਬੀਮਾਰੀ ਕਾਰਨ ਹੋਣ ਦਾ ਬਹਾਨਾ ਲਗਾਇਆ। ਪਰ ਇਸ ਮਾਮਲੇ ‘ਚ ਔਰਤ ਦੇ ਦਿਓਰ ਨੇ ਮਾਮਲੇ ਨੂੰ ਕਤਲ ਦਾ ਮਾਮਲਾ ਦੱਸਿਆ ਤੇ ਇਸੇ ਦੌਰਾਨ ਮ੍ਰਿਤਕ ਦੇ ਹੋਏ ਪੋਸਟਮਾਰਟਮ ਦੀ ਰਿਪੋਰਟ ਨੇ ਪਰਦਾਫਾਸ਼ ਕਰ ਦਿੱਤਾ। ਉਸ ਦੀ ਪਤਨੀ ਪਰਮਜੀਤ ਕੌਰ ਨੇ ਪਰਿਵਾਰ ਨੂੰ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਕੈਂਸਰ ਹੋਣ ਕਾਰਨ ਹੋਈ ਹੈ। ਜਦੋਂ ਸੰਸਕਾਰ ਦੀ ਤਿਆਰੀ ਹੋ ਚੁਕੀ ਸੀ ਓਦੋਂ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਇਸ ਨੂੰ ਕੁਦਰਤੀ ਮੌਤ ਨਹੀਂ ਸਗੋਂ ਕਤਲ ਦਾ ਮਾਮਲਾ ਦੱਸਿਆ। ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਭਤੀਜੇ ਨੇ ਉਸ ਨੂੰ ਫੋਨ ’ਤੇ ਕਿਹਾ ਕਿ ਉਸ ਦੇ ਪਿਤਾ ਜਸਵੀਰ ਦੀ ਕੈਂਸਰ ਨਾਲ ਮੌਤ ਹੋ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਉਸ ਨੂੰ ਸ਼ੱਕ ਸੀ ਕਿ ਜਸਵੀਰ ਦਾ ਕਤਲ ਉਸ ਦੀ ਭਾਬੀ ਪਰਮਜੀਤ ਕੌਰ ਨੇ ਕੀਤਾ ਹੈ।
ਉਸ ਨੇ ਕਿਹਾ ਕਿ ਭਰਜਾਈ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ। ਇਸ ਸਬੰਧੀ ਪਰਮਜੀਤ ਕੌਰ ਖ਼ਿਲਾਫ਼ ਦੇਹ ਵਪਾਰ ਦੇ ਕੇਸ ਵੀ ਦਰਜ ਹਨ ਅਤੇ ਜਸਵੀਰ ਸਿੰਘ ਇਸ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਐਸ.ਆਈ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਚੰਦ ਸਿੰਘ ਦੀ 11 ਅਪ੍ਰੈਲ ਨੂੰ ਮੌਤ ਹੋ ਗਈ ਸੀ ਤੇ ਪੁਲਿਸ ਨੇ ਮ੍ਰਿਤਕ ਜਸਵੀਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ‘ਚ ਮ੍ਰਿਤਕ ਦੇ ਗਲੇ ‘ਤੇ ਰੱਸੀ ਨਾਲ ਗਲਾ ਘੁੱਟਣ ਅਤੇ ਹੋਰ ਸੱਟਾਂ ਦੇ ਨਿਸ਼ਾਨ ਮਿਲੇ ਸਨ ਅਤੇ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਸੀ।
ਇਸ ਸਬੰਧੀ ਵੱਖ ਵੱਖ ਧਾਰਾਵਾਂ ਚ ਕੇਸ ਦਰਜ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕਾਰਵਾਈ ਜਾਰੀ ਹੈ।