ਬੀਰਮਪੁਰ ਸਕੂਲ ਕੈਂਪਸ ਦੀ ਇੰਟਰਲਾਕ ਟਾਇਲਿੰਗ ਦੀ ਸੰਪੂਰਨਤਾ 'ਤੇ ਸਮਾਗਮ ਕਰਵਾਇਆ
ਐਨ ਆਰ ਆਈ ਸ. ਰਾਜਿੰਦਰ ਸਿੰਘ ਬੈਂਸ ਨੇ ਦਿੱਤਾ 12ਲੱਖ ਦਾਨ ਰਾਸ਼ੀ ਦਾ ਸਹਿਯੋਗ
ਅੱਡਾ ਸਰਾਂ (ਜਸਵੀਰ ਕਾਜਲ)
ਇਲਾਕੇ ਵਿੱਚ ਸਿੱਖਿਆ,ਖੇਡਾਂ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦੇ ਖੇਤਰ ਵਿੱਚ ਜ਼ਿਲ੍ਹੇ ਦਾ ਮਾਣ ਬਣਦੇ ਜਾ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ(ਵਾ.ਟਾਂਡਾ) ਦੇ ਵਿਕਾਸ ਕਾਰਜਾਂ ਨੂੰ ਉਦੋਂ ਮਿੱਠਾ ਫ਼ਲ਼ ਲੱਗਾ ਜਦੋਂ ਸਕੂਲ ਦੇ ਸਾਬਕਾ ਵਿਦਿਆਰਥੀ ਐਨ.ਆਰ.ਆਈ ਸ.ਰਾਜਿੰਦਰ ਸਿੰਘ ਬੈੰਸ ਯੂ.ਐੱਸ.ਏ ਵਲੋਂ ਸਕੂਲ ਸਟਾਫ਼ ਦੀ ਬੇਨਤੀ 'ਤੇ ਸਕੂਲ ਦੇ ਸਮੁੱਚੇ ਕੱਚੇ ਕੈਂਪਸ ਨੂੰ ਇੰਟਰਲਾਕ ਟਾਇਲਿੰਗ ਨਾਲ਼ ਪੱਕਾ ਕਰਨ ਦਾ ਸ਼ੁੱਭ ਕਾਰਜ ਸੰਪੂਰਨ ਕੀਤਾ ਗਿਆ।ਸ.ਬੈੰਸ ਵਲੋਂ ਸਕੂਲ ਵਿੱਚ ਇੰਟਰਲਾਕ ਟਾਇਲਿੰਗ ਦੀ ਸੇਵਾ ਲਈ ਆਪਣੀ ਕਿਰਤ ਕਮਾਈ ਵਿੱਚੋਂ 12 ਲੱਖ ਰੁਪਏ ਦੀ ਦਾਨ ਰਾਸ਼ੀ ਦਾ ਸਹਿਯੋਗ ਦਿੱਤਾ ਗਿਆ।ਇਸ ਸ਼ੁੱਭ ਕਾਰਜ ਮੌਕੇ ਸਕੂਲ ਸਟਾਫ ਵਲੋਂ ਸਕੂਲ, ਵਿਦਿਆਰਥੀਆਂ,ਇਲਾਕੇ ਅਤੇ ਦਾਨੀ ਪੁਰਸ਼ ਸ. ਰਾਜਿੰਦਰ ਸਿੰਘ ਬੈਂਸ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ।ਇਸ ਸਾਦਾ ਸਮਾਗਮ ਮੌਕੇ ਸ.ਬੈੰਸ ਨੇ ਕਿਹਾ ਕਿ ਇਹ ਸਕੂਲ ਸਾਡੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਵਾਲ਼ੀ ਪੂਜਣਯੋਗ ਸੰਸਥਾ ਹੈ ਜਿਸ ਦਾ ਵਿਦਿਆਰਥੀ ਹੋਣ ਦਾ ਉਨ੍ਹਾਂ ਨੂੰ ਮਾਣ ਹੈ ।ਇੰਟਰਲਾਕ ਟਾਇਲਿੰਗ ਦੀ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।ਸਕੂਲ ਦੇ ਇੰਚਾ:ਪ੍ਰਿੰਸੀਪਲ ਸਟੇਟ ਅਵਾਰਡੀ ਡਾ.ਅਰਮਨਪ੍ਰੀਤ ਸਿੰਘ ਨੇ ਸ.ਬੈੰਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਲੋਂ ਉਨ੍ਹਾਂ ਦੇ ਇਸ ਭਲੇ ਕਾਰਜ ਨੂੰ ਸਦਾ ਯਾਦ ਰੱਖਿਆ ਜਾਵੇਗਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਕੂਲ ਸਟਾਫ਼ ਅਤੇ ਐਸ. ਐਮ. ਸੀ ਕਮੇਟੀ ਵਲੋਂ ਸ.ਰਾਜਿੰਦਰ ਸਿੰਘ ਬੈੰਸ,ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਬਲਜੀਤ ਕੌਰ ਸਮੇਤ ਸਕੂਲ ਨੂੰ ਸਹਿਯੋਗ ਦੇਣ ਵਾਲ਼ੇ ਦਾਨੀ ਸੱਜਣਾ ਸ. ਹਰਭਜਨ ਸਿੰਘ ਸਵਿਟਜ਼ਰਲੈਂਡ, ਸ.ਗੁਰਦਰਸ਼ਨ ਸਿੰਘ ਕਨੇਡਾ,ਸ.ਪ੍ਰਭਜੋਤ ਸਿੰਘ ਬੈੰਸ ਕਨੇਡਾ,ਕੈਪ:ਰੇਸ਼ਮ ਸਿੰਘ,ਏ.ਐਸ.ਆਈ ਮਨਜੀਤ ਸਿੰਘ,ਪਵਨਪ੍ਰੀਤ ਸਿੰਘ ਕਨੇਡਾ,ਪਰਮਵੀਰ ਸਿੰਘ ਕਨੇਡਾ,ਸੂਬੇਦਾਰ ਇੰਦਰਜੀਤ ਸਿੰਘ,ਸੂਬੇਦਾਰ ਸ਼ਲਿੰਦਰ ਸਿੰਘ,ਹੈਡਮਾਸਟਰ ਅਰਜਨ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਲਾਕਾ ਨਿਵਾਸੀਆਂ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।ਸਟੇਜ ਸੰਚਾਲਨ ਸੁਖਜੀਵਨ ਸਿੰਘ ਸਫ਼ਰੀ ਨੇ ਬਾਖੂਬੀ ਕੀਤਾ।