ਭਗਵੰਤ ਮਾਨ ਨੇ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਕੀਤੀ ਜਨਤਕ
ਭਗਵੰਤ ਮਾਨ 'ਤੇ ਮਾਣਹਾਨੀ ਦਾ ਕੇਸ ਕਰਾਂਗਾ - ਰੰਧਾਵਾ ਕਿਹਾ- 'ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗਾ'
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁੱਝ ਪਤਾ ਨਾ ਹੋਣ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਜਾਰੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਇੱਕ ਅਪਰੈਲ 2021 ਨੂੰ ਕੈਪਟਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਆਗੂ ਇਸ ਸਾਰੀ ਘਟਨਾ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਦੋਵੇਂ ਪੁਰਾਣੇ ਕਾਂਗਰਸੀ ਆਗੂ ਹੁਣ ਇਸ ਮੁੱਦੇ ਨੂੰ ਲੁਕਾਉਣ ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਆਗੂ ਇਸ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਲਈ ਇਕ ਦੂਜੇ ਨਾਲ ਘਿਉ-ਖਿਚੜੀ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ‘ਹੰਢੇ-ਵਰਤੇ ਸਿਆਸਤਦਾਨਾਂ’ ਨੇ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਅਤੇ ਜੇਲ੍ਹ ਵਿੱਚ ਉਸ ਦੀ ਆਰਾਮਦਾਇਕ ਰਿਹਾਇਸ਼ ਯਕੀਨੀ ਬਣਾਉਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਆਗੂਆਂ ਦਾ ਇਹ ਦਾਅਵਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜੇਲ੍ਹ ਵਿੱਚ ਕੌਣ ਆਇਆ ਜਾਂ ਨਹੀਂ ਬਿਲਕੁੱਲ ਝੂਠ ਹੈ, ਤੇ ਅਸਲੀਅਤ ਇਹ ਹੈ ਕਿ ਅੰਸਾਰੀ ਨੂੰ ਬਚਾਉਣ ਦੀ ਸਾਰੀ ਸਾਜ਼ਿਸ਼ ਉਨ੍ਹਾਂ ਨੇ ਖ਼ੁਦ ਰਚੀ ਹੈ । ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਹਰ ਪਾਪ ਨੰਗਾ ਹੋ ਜਾਵੇਗਾ।
ਓਧਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਓਹ ਭਗਵੰਤ ਮਾਨ 'ਤੇ ਮਾਣਹਾਨੀ ਦਾ ਕੇਸ ਕਰਨਗੇ , ਕਿਹਾ- 'ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗਾ'
ਮੁੱਖ ਮੰਤਰੀ ਦੇ 55 ਲੱਖ ਰੁਪਏ ਖਰਚੇ ਦੇ ਦਾਅਵੇ ਨੂੰ ਰੱਦ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੰਸਾਰੀ ਦੇ ਕੇਸ ਵਿੱਚ ਸੀਨੀਅਰ ਵਕੀਲ ਨੂੰ 17.60 ਲੱਖ ਰੁਪਏ ਫੀਸ ਵਜੋਂ ਅਦਾ ਕੀਤੇ ਗਏ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਅੰਸਾਰੀ ਕੇਸ ਵਿੱਚ ਉਨ੍ਹਾਂ ਨੂੰ ‘ਰਿਕਵਰੀ ਨੋਟਿਸ’ ਜਾਰੀ ਕਰਨ ਦੀ ਵੀ ਚੁਣੌਤੀ ਦਿੱਤੀ। ਮਾਨ ਦੇ ਇਲਜ਼ਾਮ ਬਾਰੇ ਰੰਧਾਵਾ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਨੂੰ ਚਰਿੱਤਰ ਖਰਾਬ ਕਰਨ ਦੀ ਆਦਤ ਹੈ।
ਕਾਂਗਰਸੀ ਆਗੂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਮਾਣਹਾਨੀ ਦਾ ਕੇਸ ਦਾਇਰ ਕਰਾਂਗਾ। ਮੈਂ ਕਦੇ ਵੀ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਟਵਿੱਟਰ 'ਤੇ ਇਕ 'ਫਾਇਲ ਨੋਟਿੰਗ' ਸਾਂਝੀ ਕੀਤੀ, ਜਿਸ ਅਨੁਸਾਰ ਅੰਸਾਰੀ ਦੇ ਬਚਾਅ ਲਈ ਵਕੀਲ 'ਤੇ ਹੋਏ ਖਰਚੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ ਮੰਤਰੀ ਰੰਧਾਵਾ ਤੋਂ ਬਰਾਬਰ ਵਸੂਲੇ ਜਾਣਗੇ।