ਲਾਂਬੜਾ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਲਾਂਬੜਾ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਹੁਕਮਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਧਾਰਮਿਕ ਕਵਿਤਾਵਾਂ, ਗੀਤਾਂ ਅਤੇ ਭਾਸ਼ਣਾਂ ਰਾਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਦੇਸ਼, ਧਰਮ, ਸਮਾਜ ਅਤੇ ਕੌਮ ਦੀ ਖਾਤਰ ਅਸਹਿ ਤਸੀਹੇ ਝੱਲ ਕੇ ਦਿੱਤੀ ਲਾਸਾਨੀ ਸ਼ਹਾਦਤ ਦਾ ਵੈਰਾਗਮਈ ਵਰਨਣ ਕੀਤਾ। ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਨੇ ਨੰਦ ਲਾਲ ਨੂਰਪੁਰੀ ਦੀ ਕਵਿਤਾ 'ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ' ਦਾ ਵੈਰਾਗਮਈ ਗਾਇਨ ਕਰਕੇ ਹਾਜ਼ਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਵਿਦਿਆਰਥੀ ਯੁਵਰਾਜ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਾਇਰ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਦਾ ਪੰਜਾਬੀ ਅਨੁਵਾਦ ਪੇਸ਼ ਕਰਕੇ ਅਤੇ ਹਰਮਨਪ੍ਰੀਤ ਕੌਰ ਨੇ ਖ਼ਾਲਸੇ ਦੇ ਜੋਸ਼ੀਲੀ ਬੋਲ- ਬਾਲੇ ਉਚਾਰ ਕੇ ਹਾਜ਼ਰੀਨ ਵਿੱਚ ਜੋਸ਼ ਭਰ ਦਿੱਤਾ। ਵੋਕੇਸ਼ਨਲ ਮਾਸਟਰ ਜੋਗਿੰਦਰ ਪਾਲ, ਸ਼੍ਰੀ ਸੇਵਾ ਸਿੰਘ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਵੋਕੇਸ਼ਨਲ ਮਾਸਟਰ ਸ੍ਰੀ ਸੁਖਵਿੰਦਰ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਤੋਂ ਸੇਧ ਲੈਣ ਦਾ ਸੁਨੇਹਾ ਦਿੱਤਾ। ਸਮਾਗਮ ਵਿੱਚ ਰਚਨਾਵਾਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਲਿਖਣ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਮ.ਸੀ ਮੈਂਬਰਾਨ, ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।