ਪਰਿਵਾਰ ਗਿਆ ਸੀ ਬ੍ਰਿੰਦਾਬਨ ਪਿਛੋਂ ਤਾਲੇ ਤੋੜ ਘਰ ਵੜੇ ਚੋਰ ਲੈ ਉੱਡੇ 25 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ
ਮੁਹੱਲਾ ਇਸਲਾਮਾਬਾਦ ਵਿਖੇ ਹਰੀ ਮਸੀਤ ਦੇ ਨਜਦੀਕ ਲੱਗਦੀ ਥਾਣੇਦਾਰਾਂ ਵਾਲੀ ਗਲੀ
ਘਰ ਨੂੰ ਤਾਲੇ ਲਗਾ ਕੇ ਬਾਹਰ ਜਾਣਾ ਕਿਸੇ ਵੀ ਸੂਰਤ ਵਿੱਚ ਸੁਰੱਖਿਅਤ ਨਹੀ ਹੈ। ਚੋਰਾਂ ਦਾ ਨੈਟਵਰਕ ਏਨਾਂ ਤੇਜ਼ ਹੈ ਕਿ ਉਹ ਕਿਸੇ ਵੀ ਤਾਲੇ ਲੱਗੇ ਘਰ ਨੂੰ ਨਿਸ਼ਾਨਾ ਬਣਾ ਸਕਦੇ ਹਨ।ਸ਼ਹਿਰ ਵਿੱਚ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਦੋਂ ਪਰਿਵਾਰ ਆਪਣੇ ਘਰ ਨੂੰ ਤਾਲੇ ਲਗਾ ਕੇ ਬਾਹਰ ਗਿਆ ਤੇ ਪਿੱਛੋਂ ਚੋਰਾਂ ਨੇ ਘਰ ਵਿੱਚ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕਰਕੇ ਸਾਰਾ ਕੀਮਤੀ ਸਮਾਨ, ਗਹਿਣੇ ਅਤੇ ਨਗਦੀ ਚੋਰੀ ਕਰ ਲਏ।
ਤਾਜ਼ਾ ਘਟਨਾ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਵਿਖੇ ਹਰੀ ਮਸੀਤ ਦੇ ਨਜਦੀਕ ਲੱਗਦੀ ਥਾਣੇਦਾਰਾਂ ਵਾਲੀ ਗਲੀ ਦੀ ਹੈ ਜਿੱਥੇ ਰਹਿੰਦਾ ਅਧਿਆਪਕ ਜੋੜਾ ਕੁਝ ਦਿਨਾਂ ਲਈ ਵਰਿੰਦਾਵਨ ਗਿਆ ਸੀ ਪਿੱਛੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 25 ਤੋਂਲੇ ਸੋਨੇ ਦੇ ਗਹਿਣੇ ਅਤੇ 10_ 12 ਹਜ਼ਾਰ ਰੁਪਏ ਦੀ ਚੋਰੀ ਕਰ ਲਈ।
ਜਾਣਕਾਰੀ ਦਿੰਦਿਆਂ ਚੋਰੀ ਦਾ ਸ਼ਿਕਾਰ ਹੋਏ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਪੂਨਮ ਨੇ ਦੱਸਿਆ ਕਿ ਉਹ 9 ਤਰੀਕ ਨੂੰ ਪਰਵਾਰ ਸਮੇਤ ਬ੍ਰਿੰਦਾਬਨ ਗਏ ਸਨ। ਸੋਮਵਾਰ 12 ਤਰੀਕ ਨੂੰ ਉਹਨਾਂ ਨੂੰ ਉਥੇ ਹੀ ਫੋਨ ਤੇ ਉਹਨਾਂ ਦੇ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਹਨ। ਉਨ੍ਹਾਂ ਨੇ ਫੋਨ ਕਰਨ ਵਾਲੇ ਨੂੰ ਕਿਹਾ ਕਿ ਅੰਦਰ ਜਾ ਕੇ ਦੇਖੋ ਕੌਣ ਹੈ ਤਾਂ ਕੁਝ ਦੇਰ ਬਾਅਦ ਗੁਆਂਢੀ ਨੇ ਉਨ੍ਹਾਂ ਦੇ ਘਰ ਦੇ ਅੰਦਰ ਜਾ ਕੇ ਫਿਰ ਤੋਂ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਹੈ। ਲਗਦਾ ਹੈ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਵਰਿੰਦਾਬਨ ਤੋਂ ਉਹ ਵਾਪਸ ਆਏ ਅਤੇ ਘਰ ਦੇ ਸਮਾਨ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਅੰਦਰ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਕਮਰੇ ਦੀ ਗੋਦਰੇਜ ਦੀ ਅਲਮਾਰੀ ਵਿੱਚ ਘਰ ਦੇ ਸਾਰੇ ਗਹਿਣੇ ਪਏ ਸਨ ਜਿਨ੍ਹਾਂ ਦਾ ਕੁੱਲ ਵਜਨ 25 ਤੋਲੇ ਦੇ ਕਰੀਬ ਸੀ। ਚੋਰਾਂ ਨੇ ਇਸ ਅਲਮਾਰੀ ਦਾ ਲੌਕ ਤੌੜ ਤੇ ਗਹਿਣੇ ਚੋਰੀ ਕਰ ਲਏ ਸਨ ਜਦ ਕਿ ਮੰਦਰ ਵਾਲ਼ੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਪਈ ਦਸ-ਬਾਰਾਂ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਸਨ।
ਰਕੇਸ਼ ਕੁਮਾਰ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਜਿਸ ਗਲੀ ਵਿਚ ਰਹਿੰਦੇ ਹਨ ਉਹ ਅੱਗਿਉਂ ਬੰਦ ਹੈ ਅਤੇ ਗਲੀ ਵਿਚ ਆਲੇ-ਦੁਆਲੇ ਵੀ ਘਰ ਹਨ ਪਰ ਫਿਰ ਵੀ ਚੋਰ ਉਨ੍ਹਾਂ ਦੇ ਘਰ ਦੇ ਗੇਟ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜੋ ਜਾਹਰ ਤੌਰ ਤੇ ਕਨੂੰਨ ਵਿਵਸਥਾ ਦੀ ਨਾਕਾਮੀ ਸਾਬਤ ਕਰਦਾ ਹੈ।