ਸਰਕਾਰ ਰੂਪੀ ਗੱਡੀ ਦੇ ਸਹੀ ਇੰਜਣ ਦੀ ਚੋਣ - ਸੁਖਬੀਰ ਸਿੰਘ ਬਾਦਲ
ਸਰਕਾਰ ਰੂਪੀ ਗੱਡੀ ਦੇ ਸਹੀ ਇੰਜਣ ਦੀ ਚੋਣ - ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਦਾ ਇੰਜਣ ਤਾਂ ਪੰਜ ਸਾਲ ਸਟਾਰਟ ਹੀ ਨਹੀਂ ਹੋ ਸਕਿਆ
ਉਨ੍ਹਾਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਹੱਕ ਵਿੱਚ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਰੂਪੀ ਗੱਡੀ ਤਾਂ ਹੀ ਪੂਰੀ ਗਤੀ ਨਾਲ ਦੌੜ ਸਕਦੀ ਹੈ ਜੇ ਉਸ ਦੇ ਸਹੀ ਇੰਜਣ ਦੀ ਚੋਣ ਕੀਤੀ ਜਾਵੇ। ਮੁੱਖ ਮੰਤਰੀ ਸਰਕਾਰ ਦੀ ਗੱਡੀ ਦਾ ਇੰਜਣ ਹੁੰਦਾ ਹੈ ਅਤੇ ਮੰਤਰੀ ਇਸ ਗੱਡੀ ਦੇ ਡੱਬੇ। ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੰਜਣ ਤਾਂ ਪੰਜ ਸਾਲ ਸਟਾਰਟ ਹੀ ਨਹੀਂ ਹੋ ਸਕਿਆ। ਇਸ ਕਰ ਕੇ ਸਹੀ ਇੰਜਣ ਦੀ ਚੋਣ ਕਰਨ ਲਈ ਉਮੀਦਵਾਰ ਦਾ ਪਿਛੋਕੜ ਅਤੇ ਕੰਮ ਦੇਖਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਝੂਠੇ ਵਾਅਦੇ ਨਹੀਂ ਕੀਤੇ, ਜੋ ਵਾਅਦੇ ਕੀਤੇ ਉਹ ਪੂਰੇ ਕਰ ਕੇ ਵਿਖਾਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਵਾਅਦੇ ਅਨੁਸਾਰ ਪਾਰਟੀ ਵੱਲੋਂ ਕਿਸੇ ਆਮ ਆਦਮੀ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਪਾਰਟੀ ਵੱਲੋਂ 117 ਵਿੱਚੋਂ ਉਨ੍ਹਾਂ 65 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਦਲ-ਬਦਲੂ ਹਨ। ਮਿਹਨਤੀ ਉਮੀਦਵਾਰਾਂ ਦੇ ਪੱਲੇ ਆਮ ਆਦਮੀ ਪਾਰਟੀ ਨੇ ਨਿਰਾਸ਼ਾ ਹੀ ਪਾਈ ਹੈ। ਕੇਜਰੀਵਾਲ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ | ਉਨ੍ਹਾਂ ‘ਆਪ’ ’ਤੇ ਟਿਕਟਾਂ ਵੇਚਣ ਦੇ ਦੋਸ਼ ਵੀ ਲਾਏ।