ਭਾਜਪਾ ਗੱਠਜੋੜ ਦਾ ਸੰਕਲਪ ਪੱਤਰ ਜਾਰੀ
ਭਾਜਪਾ ਗੱਠਜੋੜ ਦਾ ਸੰਕਲਪ ਪੱਤਰ ਜਾਰੀ ਅਕਾਲੀ ਦਲ ਨਾਲ ਗੱਠਜੋੜ ਸਾਨੂੰ ਪਿਆ ਮਹਿੰਗਾ -ਪੁਰੀ
ਭਾਜਪਾ ਗੱਠਜੋੜ ਵਲੋਂ ਅੱਜ ਚੰਡੀਗੜ੍ਹ ਵਿਖੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਗਿਆ | ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ 'ਚ ਫ਼ੇਲ੍ਹ ਸਾਬਿਤ ਹੋਈ ਹੈ | ਸ਼ਾਂਤੀ ਭਾਈਚਾਰਾ, ਨਸ਼ਾ ਮੁਕਤ ਪੰਜਾਬ, ਮਾਫੀਆ ਦਾ ਖ਼ਾਤਮਾ, ਉਦਯੋਗਿਕ ਵਿਕਾਸ ਸਾਰੇ 11 ਸੰਕਲਪ ਦੋ ਸਾਲ 'ਚ ਪੂਰੇ ਹੋਣਗੇ | ਉਨ੍ਹਾਂ ਕਿਹਾ ਕਿ ਸਾਨੂੰ ਬੜੀ ਖ਼ੁਸ਼ੀ ਹੈ ਕਿ ਬਾਦਲ ਸਾਨੂੰ ਛੱਡ ਗਏ ਹਨ, ਅਕਾਲੀ ਦਲ ਨਾਲ ਗੱਠਜੋੜ ਸਾਨੂੰ ਮਹਿੰਗਾ ਪਿਆ ਹੈ | ਸਾਨੂੰ ਹਮੇਸ਼ਾ ਗੱਠਜੋੜ ਵਿਚ ਅਛੂਤ ਸਮਝਿਆ ਗਿਆ | ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਸੁਪਰੀਮੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ | ਸਰਹੱਦ ਤੋਂ ਹਥਿਆਰ ਬਰਾਮਦ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਸਮੇਂ ਪੰਜਾਬ ਦਾ ਪੂਰਾ ਵਿਕਾਸ ਹੋਇਆ | ਸੁਖਦੇਵ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਡਾ ਮਾਫ਼ੀਆ ਰਾਜ ਹੈ | ਐਨ.ਡੀ.ਏ ਦੇ ਸੰਕਲਪ ਪੱਤਰ ਵਿਚ ਸਰਹੱਦ ਪਾਰ ਦੇ ਅੱਤਵਾਦ, ਨਸ਼ੇ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਡਰੋਨ ਨਿਗਰਾਨੀ ਅਤੇ ਪੁਲਿਸ ਚੌਕੀਆਂ ਦੇ ਨਿਰਮਾਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ | ਬੇਅਦਬੀ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ, ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਅਤੇ ਬੇਅਦਬੀ ਵਿਰੁੱਧ ਬਣੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ |
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਸਹਿ ਇੰਚਾਰਜ ਹਰਦੀਪ ਸਿੰਘ ਪੁਰੀ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਲੋਕ ਕਾਂਗਰਸ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸ਼ਾਮਿਲ ਸਨ |