ਗੁਰਦਾਸਪੁਰ ਸੀਆਈਏ ਸਟਾਫ ਵਲੋਂ ਹੈਰੋਇਨ ਅਤੇ ਡਰਗ ਮਨੀ ਸਮੇਤ ਨਸ਼ੇ ਦਾ ਵਪਾਰੀ ਗਿਰਫ਼ਤਾਰ
ਗੁਰਦਾਸਪੁਰ ਸੀਆਈਏ ਸਟਾਫ ਵਲੋਂ ਹੈਰੋਇਨ ਅਤੇ ਡਰਗ ਮਨੀ ਸਮੇਤ ਨਸ਼ੇ ਦਾ ਵਪਾਰੀ ਗਿਰਫ਼ਤਾਰ
ਸੀਆਈਏ ਸਟਾਫ ਅਤੇ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਸਾਂਝੇ ਨਾਕੇ ਦੌਰਾਨ ਹੈਰੋਇਨ ਦੇ ਇੱਕ ਤਸਕਰ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਗਿਰਫਤਾਰ ਕੀਤੇ ਗਏ ਵਿਅਕਤੀ ਕੋਲੋਂ 21 ਗ੍ਰਾਮ ਹੈਰੋਇਨ, 9000 ਰੁਪਏ ਡਰਗ ਮਨੀ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ ਕੀਤਾ ਗਿਆ ਹੈ।
ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਰਫਤਾਰ ਵਿਅਕਤੀ ਪਿਛਲੇ ਡੇਢ ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸਿਟੀ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਸੰਤਨਗਰ ਬੁਲੇਟ ਮੋਟਰਸਾਈਕਲ ਦੀ ਏਜੰਸੀ ਨੇੜੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਸਾਂਝਾ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਸਕੂਟਰੀ ਤੇ ਆਉਂਦਿਆਂ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਪਾਸੋਂ 21 ਗ੍ਰਾਮ ਹੈਰੋਇਨ,9000 ਰੁਪਏ ਡਰੱਗ ਮਨੀ ਅਤੇ ਇੱਕ ਇਲੈਕਟਰੋਨਿਕ ਕੰਡਾ ਬਰਾਮਦ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਵਿਅਕਤੀ ਦੀ ਪਹਿਚਾਨ ਦੀਪਕ ਕੁਮਾਰ ਉਰਫ ਦੀਪੂ ਕਾਣਾ ਵਾਸੀ ਕਾਦਰੀ ਮੁਹੱਲਾ ਦੇ ਤੌਰ ਤੇ ਹੋਈ ਹੈ ਜਿਸ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਮਜੀਠਾ ਸਾਈਡ ਦੇ ਕਿਸੇ ਹੈਰੋਇਨ ਵਪਾਰੀ ਕੋਲੋਂ ਨਸ਼ਾ ਲੈ ਕੇ ਆਉਂਦਾ ਹੈ ਅਤੇ ਸ਼ਹਿਰ ਵਿੱਚ ਵੇਚਦਾ ਹੈ ।ਉਹ ਇਹ ਕੰਮ ਪਿਛਲੇ ਡੇਢ ਦੋ ਸਾਲ ਤੋਂ ਕਰ ਰਿਹਾ ਹੈ ਤੇ ਉਸ ਦੇ ਖਿਲਾਫ ਪਹਿਲਾਂ ਵੀ ਇੱਕ ਐਨਡੀਪੀਐਸ ਐਕਟ ਦੇ ਅਧੀਨ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਮਾਮਲਾ ਦਰਜ ਹੈ। ਉਹਨਾਂ ਦੱਸਿਆ ਕਿ ਇਸ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਪੁਛਗਿੱਛ ਦੇ ਅਧਾਰ ਤੇ ਹੋਰ ਵੀ ਕਾਰਵਾਈ ਕੀਤੀ ਜਾ ਸਕਦੀ ਹੈ।