ਪੰਜਾਬ ਦੀਆਂ ਔਰਤਾਂ ਭਗਵੰਤ ਮਾਨ ਸਰਕਾਰ ਦੇ ਇਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੀ ਉਡੀਕ ਕਰ ਰਹੀਆਂ- ਡਾ. ਚੀਮਾ
ਚੌੜਾ ਕਲਾਂ ‘ਚ ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਵਿਸ਼ਾਲ ਚੋਣ ਮੀਟਿੰਗ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਕਲਾਂ ਵਿਖੇ ਬਾਬਾ ਸ਼ਮਸ਼ੇਰ ਸਿੰਘ ਚੌੜਾ ਵਲੋਂ ਭਰਵੀਂ ਵਰਕਰ ਮੀਟਿੰਗ ਕਰਵਾਈ ਗਈ।
ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਤਾਂ ਚੋਣਾਂ ਵਿਚ ਕੀਤੇ ਵਾਅਦੇ ਅਨੁਸਾਰ ਸਰਕਾਰ ਵਲੋਂ ਹਰ ਮਹੀਨੇ ਦਿੱਤੇ ਜਾਣ ਵਾਲੇ ਇਕ ਹਜ਼ਾਰ ਰੁਪਏ ਦੀ ਉਡੀਕ ਕਰ ਰਹੀਆਂ ਹਨ ਪਰ ਭਗਵੰਤ ਮਾਨ ਦੀ ਆਪ ਸਰਕਾਰ ਨੇ ਦੋ ਸਾਲਾਂ ਵਿਚ ਪੰਜਾਬ ਸਿਰ 70 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜਾ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਪਣੀਆਂ ਸਰਕਾਰਾਂ ਦੌਰਾਨ ਗਰੀਬ ਵਰਗਾਂ ਲਈ ਭਲਾਈ ਯੋਜਨਾਵਾਂ ਚਲਾਈਆਂ ਪਰ ਦੂਜੀਆਂ ਸਰਕਾਰਾਂ ਨੇ ਇਨ੍ਹਾਂ ਯੋਜਨਾਵਾਂ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਕਿਸਾਨ ਵਿਰੋਧੀ ਹੈ। ਡਾ. ਚੀਮਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੇ ਜਾਣ-ਬੁੱਝ ਕੇ ਸਿੱਖਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ ਜਦੋਂਕਿ ਬਲਾਤਕਾਰ ਦੇ ਦੋਸ਼ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਏ ਦਿਨ ਪੈਰੋਲ ‘ਤੇ ਰਿਹਾਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਾਤਲ ਪਾਰਟੀ ਹੈ ਅਤੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਆਖਿਆ ਕਿ ਡਾ. ਚੀਮਾ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਅਕਾਲੀ ਵਰਕਰ ਦਿਨ-ਰਾਤ ਇਕ ਕਰ ਦੇਣਗੇ। ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਨੇ ਕਿਹਾ ਕਿ ਡਾ. ਚੀਮਾ ਲੋਕ ਸਭਾ ‘ਚ ਜਾ ਕੇ ਸਰਹੱਦੀ ਹਲਕਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਕੇਂਦਰੀ ਨੀਤੀਆਂ ਬਣਵਾਉਣ ਵਿਚ ਭੂਮਿਕਾ ਨਿਭਾਉਣਗੇ। ਇਸ ਮੌਕੇ ਐਡਵੋਕੇਟ ਬਲਵਿੰਦਰ ਕੌਰ ਵਡਾਲਾ ਬਾਂਗਰ, ਜਥੇਦਾਰ ਕੁਲਜੀਤ ਸਿੰਘ ਮਝੈਲ, ਜਗਰੂਪ ਸਿੰਘ ਸ਼ਾਹਪੁਰ ਯੂਥ ਪ੍ਰਧਾਨ, ਰਜਿੰਦਰ ਸਿੰਘ ਵੈਰੋਕੇ, ਸਤਬੀਰ ਸਿੰਘ ਬਿੱਟੂ, ਬਾਬਾ ਗੋਪਾਲ ਸਿੰਘ ਬੇਦੀ, ਮਾ. ਅਜੀਤ ਸਿੰਘ ਕੁੱਕੜ, ਜੋਗਾ ਸਿੰਘ ਦੋਸਤਪੁਰ, ਬਾਬਾ ਤਰਸੇਮ ਸਿੰਘ ਛੋਡ, ਗੁਰਦੀਪ ਸਿੰਘ ਨਿੱਕਾ ਚੌੜਾ ਅਤੇ ਸਰਕਲ ਪ੍ਰਧਾਨ ਸੁਖਬੀਰ ਸਿੰਘ ਨਿੱਕਾ ਸ਼ਹੂਰ ਆਦਿ ਵੀ ਹਾਜ਼ਰ ਸਨ।