ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਕਈ ਵੱਡੇ ਆਗੂਆਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਫੇਸ ਭਗਵੰਤ ਮਾਨ ਨੇ ਮੋਹਾਲੀ ਵਿੱਚ ਆਪਣੀ ਵੋਟ ਪਾਈ ਹੈ।
ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਵੋਟ ਪਾਈ। ਉਹਨਾਂ ਕਿਹਾ ਕਿ ਇਸ ਲੜਾਈ ਵਿੱਚ ਬਹੁਤ ਸੋਚ-ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਵੋਟ ਪਾਈ।
ਪੰਜਾਬ ਸਰਕਾਰ ਦੇ ਮੰਤਰੀ ਪਰਗਟ ਸਿੰਘ ਜਲੰਧਰ ਦੇ ਮਿੱਠਾਪੁਰ ਵਿੱਚ ਇੱਕ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਉਂਦੇ ਹੋਏ। ਉਨ੍ਹਾਂ ਕਿਹਾ, "ਹਰ ਨਾਗਰਿਕ ਨੂੰ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਲੋਕਤੰਤਰ ਨੂੰ ਸ਼ਕਤੀ ਮਿਲਦੀ ਹੈ।"
ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਕਾਂਗਰਸ ਦੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਮਾਰਕੀਟ ਕਮੇਟੀ ਦਫ਼ਤਰ ਲਹਿਰਾਗਾਗਾ ਵਿਖੇ ਪੋਲਿੰਗ ਬੂਥ 'ਤੇ ਆਪਣੇ ਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਤੇ ਨੂੰਹ ਨੇਹਾ ਸਿੱਧੂ ਸਮੇਤ ਵੋਟ ਪਾਈ।
ਪੰਜਾਬ ਦੇ ਸਾਬਕਾ ਵਜ਼ੀਰ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਰਣੀਕੇ ਵਿਖੇ ਆਪਣੀ ਵੋਟ ਪਾਈ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਕੰਵਲਜੀਤ ਕੌਰ ਰਣੀਕੇ, ਭੁਪਿੰਦਰਪਾਲ ਸਿੰਘ ਰਣੀਕੇ, ਅਵਤਾਰ ਸਿੰਘ ਰਣੀਕੇ, ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਵੋਟ ਪਾਈ।
ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਜਗਾ ਰਾਮ ਤੀਰਥ ਦੇ ਪੋਲਿੰਗ ਕੇਂਦਰ ਤੇ ਵੋਟ ਪਾਈ।
ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਪਾਈ ਵੋਟ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਿਵਾਰ ਸਮੇਤ ਵੋਟ ਪਾਈ |
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਾਸੀ ਹਨ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ , ਉਨ੍ਹਾਂ ਆਪਣੀ ਵੋਟ ਪਾਈ | ਦੂਜੇ ਪਾਸੇ ਬਠਿੰਡਾ ਸ਼ਹਿਰ 'ਚ ਨਗਰ ਸੁਧਾਰ ਟਰੱਸਟ ਨਜ਼ਦੀਕ ਕਾਂਗਰਸ ਪਾਰਟੀ ਦੇ ਲਗਾਏ ਗਏ ਪੋਲਿੰਗ ਬੂਥ ਦਾ ਜਾਇਜ਼ਾ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਲਿਆ ਗਿਆ |
ਪਟਿਆਲਾ ਤੋਂ ਸਾਬਕਾ ਸੰਸਦ ਡਾ. ਧਰਮਵੀਰ ਗਾਂਧੀ ਨੇ ਸਰਕਾਰੀ ਕਾਲਜ ਲੜਕੀਆਂ ਵਿਚ ਆਪਣੀ ਪਤਨੀ ਸਮੇਤ ਵੋਟ ਪਾਈ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਾਦੀਆਂ ਵਿਖੇ ਪਾਈ ਵੋਟ |
ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਅਮਲੋਹ ਵਿਖੇ ਪਰਿਵਾਰ ਸਮੇਤ ਪਾਈ ਵੋਟ ਅਤੇ ਕਿਹਾ ਕਾਂਗਰਸ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਵੇਗੀ ਅਤੇ ਪਹਿਲਾਂ ਨਾਲੋਂ ਵੱਧ ਸੀਟਾਂ ਤੇ ਕਾਂਗਰਸੀ ਜਿੱਤਾਂ ਦਰਜ ਕਰਨਗੇ।
ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਪਰਿਵਾਰ ਸਮੇਤ ਵੋਟ ਪਾਉਣ ਵਾਸਤੇ ਆਪਣੇ ਜੱਦੀ ਪਿੰਡ ਸੇਖਵਾਂ ਪੋਲਿੰਗ ਬੂਥ 'ਤੇ ਪਹੁੰਚੇ | ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਹੋਣ ਦਾ ਦਾਅਵਾ ਕੀਤਾ |