ਹਨੀ ਨਾਲੋਂ ਮਨੀ ਨੇ ਮੁੱਖ ਮੰਤਰੀ ਚੰਨੀ ਦੇ ਮਾਮਲੇ ਚ ਬਾਜੀ ਮਾਰੀ
ਹਨੀ ਨਾਲੋਂ ਮਨੀ ਨੇ ਮੁੱਖ ਮੰਤਰੀ ਚੰਨੀ ਦੇ ਮਾਮਲੇ ਚ ਬਾਜੀ ਮਾਰੀ
ਸਬ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਗਰੀਬ ਦੱਸਣ ਵਾਲੇ ਬਿਆਨ 'ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਕਾਂਗਰਸ ਨੇ ਜਿਸ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਦੱਸ ਕੇ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ, ਉਸਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਆਪਣੇ ਪਰਿਵਾਰ ਦੀ ਜਾਇਦਾਦ 170 ਕਰੋੜ ਰੁਪਏ ਦੱਸੀ ਹੈ। ਚੰਨੀ ਗਰੀਬ ਨਹੀਂ, ਅਰਬਪਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਮੁੱਖ ਮੰਤਰੀ ਦੱਸਣ ਵਾਲੇ ਰਾਹੁਲ ਗਾਂਧੀ ਦੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜੋ ਵਿਅਕਤੀ 150 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ, ਉਸ ਨੂੰ ਰਾਹੁਲ ਗਾਂਧੀ ਗਰੀਬ ਦੱਸ ਰਹੇ ਹਨ ਤਾਂ ਫਿਰ ਉਹਨਾਂ ਵਾਸਤੇ ਸਹੀ ਅਰਥਾਂ ਵਿਚ ਗਰੀਬ ਕੌਣ ਹੋਵੇਗਾ।
ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਸੀ.ਐਮ ਚੰਨੀ ਸਾਡੇ ਨਾਲੋਂ ਅਮੀਰ ਹਨ। ਉਨ੍ਹਾਂ ਕੋਲ ਸਾਡੇ ਨਾਲੋਂ ਵੱਧ ਪੈਸਾ ਹੈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਜਦੋਂ ਮੁੱਖ ਮੰਤਰੀ ਬਾਦਲੀ ਕਰਵਾਉਣ ਲਈ ਪੈਸੇ ਲੈਣ ਲੱਗਦੇ ਹਨ ਅਤੇ ਉਨ੍ਹਾਂ ਦੇ ਅਧਿਕਾਰੀ ਕਹਿੰਦੇ ਹਨ ਕਿ ਸਰਕਾਰ ਦੇ ਮੰਤਰੀ ਨਜਾਇਜ਼ ਸ਼ਰਾਬ ਵੇਚ ਕੇ ਪੰਜਾਬ ਨੂੰ ਲੁੱਟ ਰਹੇ ਹਨ ਪਰ ਰਾਹੁਲ ਗਾਂਧੀ ਕਹਿੰਦੇ ਹਨ ਕਿ ਚੰਨੀ ਗਰੀਬ ਨੂੰ 5 ਸਾਲ ਹੋਰ ਮੌਕਾ ਦਿੱਤਾ ਜਾਵੇ।
ਹੰਸ ਰਾਜ ਨੇ ਕਿਹਾ ਜੇਕਰ ਚੰਨੀ ਆਪਣੇ ਆਪ ਨੂੰ ਗਰੀਬ ਦਾ ਪੁੱਤਰ ਕਹਿੰਦੇ ਹਨ ਤਾਂ ਫਿਰ ਆ ਰੇਤਾ ਫੱਕਣ ਦੀ ਕੋਈ ਲੋੜ ਨਹੀਂ ਹੈ। ਇਹ ਨਾ ਹੋਵੇ ਕਿ ਸਮੁੰਦਰ ਨੂੰ ਪਹਾੜ ਬਣਾ ਦੇਵੇ ਤੇ ਪਹਾੜ ਨੂੰ ਸਮੁੰਦਰ।
ਇਸ ਤਰਾਂ ਦੇ ਹੋਰ ਵੀ ਬਿਆਨ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਵਿਰੋਧੀਆਂ ਵਲੋਂ ਸਾਹਮਣੇ ਆਏ ਹਨ |
ਜਦ ਕਿ “ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫਤਾਰ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਨੇ ਮੰਨਿਆਂ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਦੀ ਖੁਦਾਈ ਦੇ ਕੰਮ ਵਿੱਚ ਮਦਦ ਕਰਨ ਅਤੇ ਤਬਾਦਲਿਆਂ ਲਈ 10 ਕਰੋੜ ਰੁਪਏ ਨਕਦ ਲਏ ਸਨ।“ ਇਹ ਖਬਰ ਆਉਣ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਈਡੀ ਦਾ ਹਵਾਲਾ ਦਿੰਦੇ ਹੋਏ ਸਿੱਧੇ ਚੰਨੀ ਨਾਲ ਨਾਜਾਇਜ਼ ਮਾਈਨਿੰਗ ਨੂੰ ਜੋੜ ਸਕਦੀਆਂ ਸਨ | ਪਰ ਵਿਰੋਧੀਆਂ ਵਲੋਂ ਹੁਣ ਤਕ ਹਨੀ ( ਭੁਪਿੰਦਰ ਸਿੰਘ ਉਰਫ ਹਨੀ ) ਨਾਲੋਂ ਮਨੀ ( ਚੰਨੀ ਗਰੀਬ ) ਨੂੰ ਤਰਜ਼ੀ ਦਿਤੀ ਗਈ ਹੈ |